
ਖੰਨਾ (ਲੁਧਿਆਣਾ), 06 ਅਕਤੂਬਰ (ਹਿ. ਸ.)। ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 2,50,571 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ਝੋਨੇ ਵਿੱਚੋ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ 1,98,140 ਮੀਟਰਕ ਟਨ ਝੋਨੇ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ ਅਤੇ 32,230 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ ਅਤੇ ਹੁਣ ਤੱਕ ਕਿਸਾਨਾਂ ਨੂੰ ਝੋਨੇ ਦੀ ਕਰੀਬ 24 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਪਹੁੰਚ ਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਮੌਕੇ ਕੀਤਾ। ਉਨ੍ਹਾਂ ਨੇ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਖਰੀਦ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਰ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਦ ਵੀ ਸ਼ਾਮਲ ਸਨ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਮੁਤਾਬਕ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਉੱਥੇ ਚੱਲ ਰਹੇ ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਚੈਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿਸਾਨਾਂ ਦੇ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਤੁਰੰਤ ਖਰੀਦ ਹੋ ਸਕੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਟਰਾਂਸਪੋਰਟ, ਭੁਗਤਾਨ, ਬਾਰਦਾਨੇ ਤੇ ਲਿਫਟਿੰਗ ਸਬੰਧੀ ਕੋਈ ਦਿੱਕਤ ਨਾ ਆਵੇ ਤੇ ਅੰਨਦਾਤੇ ਨੂੰ ਅੰਨਦਾਤਾ ਸਮਝਿਆ ਜਾਵੇ। ਹੁਣ ਤੱਕ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਰੋਲਿਆ ਤੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਦੀਵਾਲੀਆਂ ਤੇ ਦਸਹਿਰੇ ਮੰਡੀਆਂ ਵਿੱਚ ਫ਼ਸਲਾਂ ਕੋਲ ਬੈਠ ਕੇ ਹੀ ਬੀਤਦੇ ਰਹੇ। ਉਨ੍ਹਾਂ ਕਿਹਾ ਕਿ ਹੁਣ ਇਹ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ ਤੇ ਜ਼ਮਾਨਾ ਨਵਾਂ ਆਗਿਆ ਹੈ। ਕਟਾਰੂਚੱਕ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਕਿਸਾਨ ਪਾਰਲੀ ਨਹੀਂ ਸਾੜਨਗੇ ਅਤੇ ਸਾਨੂੰ ਪੰਜਾਬ ਦਾ ਵਾਤਾਵਰਣ ਬਚਾਉਣ ਵਿੱਚ ਵੱਡੀ ਕਾਮਯਾਬੀ ਮਿਲੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀ, ਹਵਾ ਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਉਣਾ ਸਾਡਾ ਪਹਿਲਾ ਫਰਜ ਹੈ, ਉਹਨਾਂ ਕਿਹਾ ਜੋ ਸੱਚਾ ਪੰਜਾਬੀ ਹੈ ਉਹ ਇਹਨਾਂ ਤਿੰਨ ਚੀਜ਼ਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਕੁਰਬਾਨੀ ਕਰੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
