ਚੰਡੀਗੜ੍ਹ, 31 ਦਸੰਬਰ (ਹਿ. ਸ.)। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਜਾਰੀ ਆਪਣੀ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ‘ਵਿਕਸਤ ਭਾਰਤ ਸੰਕਲਪ ਯਾਤਰਾ’ ਜੰਮੂ-ਕਸ਼ਮੀਰ ਲਈ ਭਲਾਈ ਸਕੀਮਾਂ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰੇਗੀ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਦੇ ਨਾਲ-ਨਾਲ ਵਿਕਸਤ ਭਾਰਤ ਸੰਕਲਪ ਯਾਤਰਾ ਦੌਰਾਨ ਜੰਮੂ-ਕਸ਼ਮੀਰ ਦੇ ਹਰੇਕ ਨਾਗਰਿਕ ਨੂੰ 5 ਲੱਖ ਰੁਪਏ ਦੇ ਮੁਫਤ ਬੀਮਾ ਕਾਰਡ ਵੀ ਨਵੇਂ ਲਾਭਪਾਤਰੀਆਂ ਵਿੱਚ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਗਣਤੰਤਰ ਦਿਵਸ ਦੇ ਆਸ-ਪਾਸ ਜੰਮੂ-ਕਸ਼ਮੀਰ ਨੂੰ ਛੂਹੇਗੀ ਅਤੇ ਉਥੋਂ ਦੇ ਹਰ ਪਿੰਡ ਵਿੱਚ ਪਹੁੰਚੇਗੀ।
ਤਰੁਣ ਚੁੱਘ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਬਦਲਾਅ ਦੀ ਨਵੀਂ ਹਵਾ ਸ਼ੁਰੂ ਹੋ ਚੁੱਕੀ ਹੈ, ਜਿੱਥੇ ਆਮ ਆਦਮੀ ਦੇ ਹਿੱਤਾਂ ਅਤੇ ਜ਼ਰੂਰਤਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਅਬਦੁੱਲਾ, ਮੁਫਤੀ ਅਤੇ ਕਾਂਗਰਸ ਨੇ ਕਦੇ ਵੀ ਆਮ ਲੋਕਾਂ ਦੀ ਪਰਵਾਹ ਨਹੀਂ ਕੀਤੀ ਅਤੇ ਨਾ ਹੀ ਕਦੇ ਇਲਾਕੇ ਦੇ ਵਿਕਾਸ ਜਾਂ ਤਰੱਕੀ ਬਾਰੇ ਸੋਚਿਆ। ਉਹ ਆਪਣੀ ਘਟਿਆ ਰਾਜਨੀਤੀ ਲਈ ਦੇਸ਼-ਵਿਰੋਧੀ ਭਾਵਨਾਵਾਂ ਪੈਦਾ ਕਰਨ ਲਈ ਫੁੱਟ ਪਾਊਣ ਲਈ ਦੇਸ਼ ਵੰਡਣ ਦੀ ਰਾਜਨੀਤੀ ਕੀਤੀ।
ਤਰੁਣ ਚੁੱਘ ਨੇ ਕਿਹਾ ਕਿ ਹੁਣ ਨੌਜਵਾਨ ਪੱਥਰ ਅਤੇ ਅੱਤਵਾਦ ਦੀ ਗੱਲ ਨਹੀਂ ਕਰਦੇ, ਸਗੋਂ ਕੰਪਿਊਟਰ ਅਤੇ ਸੈਰ-ਸਪਾਟੇ ਦੀ ਗੱਲ ਕਰਦੇ ਹਨ। ਕਸ਼ਮੀਰ ਵਿੱਚ ਅਤਿਵਾਦੀ ਹਿੰਸਾ ਦੀਆਂ ਹਾਲ ਹੀ ਦੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕਰਦੇ ਹੋਏ ਚੁਘ ਨੇ ਕਿਹਾ ਕਿ ਅੱਤਵਾਦ ਹਮੇਸ਼ਾ ਸਰਹੱਦ ਪਾਰ ਤੋ ਆ ਰਿਹਾ ਹੈ। ਪਰ ਜੰਮੂ-ਕਸ਼ਮੀਰ ਵਿੱਚ ਤਾਇਨਾਤ ਭਾਰਤੀ ਸੁਰੱਖਿਆ ਬਲਾਂ ਨੇ ਹਮੇਸ਼ਾ ਹੀ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਿਣਗੇ।
ਤਰੁਣ ਚੁੱਘ ਨੇ ਅਬਦੁੱਲਾ ਅਤੇ ਮੁਫਤੀਆਂ ਨੂੰ ਪਾਕਿਸਤਾਨ-ਪ੍ਰਾਯੋਜਿਤ ਦੇਸ਼ ਵਿਰੋਧੀ ਤੱਤਾਂ ਨੂੰ ਸਪੱਸ਼ਟ ਸਮਰਥਨ ਦੇ ਕੇ ਦੇਸ਼ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਵਿਰੁੱਧ ਚੇਤਾਵਨੀ ਦਿੱਤੀ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਤਰੱਕੀ ਅਤੇ ਵਿਕਾਸ ਦਾ ਨਵਾਂ ਰਾਹ ਪੱਧਰਾ ਕੀਤਾ ਹੈ ਅਤੇ ਇੱਥੇ ਇੱਕ ਨਵਾਂ ਸੂਰਜ ਚੜ੍ਹਿਆ ਹੈ ਜੋ ਜੰਮੂ ਕਸ਼ਮੀਰ ਦਾ ਵਿਕਾਸ ਕਰੇਗਾ ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
