ਹੁਸ਼ਿਆਰਪੁਰ, 17 ਦਸੰਬਰ (ਹਿ. ਸ.)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮੋਬਾਈਲ ਐਂਡ ਵੈੱਬ ਡਿਵੈਲਪਮੈਂਟ ਦੇ ਕੋਰਸਾਂ ਲਈ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਰਜਿਸਟ੍ਰੇਸ਼ਨ ਕੈਂਪ ਵਿੱਚ 50 ਵਿਦਿਆਰਥੀ ਰਜਿਸਟ੍ਰੇਸ਼ਨ ਲਈ ਆਏ, ਜਿਨ੍ਹਾਂ ਵਿੱਚੋਂ 15 ਯੋਗ ਪਾਏ ਗਏ।
ਇਸ ਮੌਕੇ ਲੈਮਰਿਨ ਟੈਕ ਯੂਨੀਵਰਸਿਟੀ ਪੰਜਾਬ ਤੋਂ ਕੋਰਸ ਮਾਹਿਰ ਅਤੇ ਪ੍ਰੋਜੈਕਟ ਹੈੱਡ ਰੁਪਿੰਦਰ ਕੌਰ ਅਤੇ ਸਹਾਇਕ ਜਨਰਲ ਮੈਨੇਜਰ ਮਨਦੀਪ ਕੌਰ ਪਹੁੰਚੇ।ਉਨ੍ਹਾਂ ਵਿਦਿਆਰਥੀਆਂ ਨੂੰ ਇਸ ਕੋਰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ ਆਈ.ਬੀ.ਐਮ ਵੱਲੋਂ ਇੰਡਸਟਰੀ ਦੇ ਮਿਆਰਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਤਾਂ ਜੋ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਿਆਰਥੀ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਨੌਕਰੀਆਂ ਵੀ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਹਰੇਕ ਖੇਤਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮੰਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਨਾਲ ਸਬੰਧਤ ਨੌਕਰੀਆਂ ਵੀ ਵਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੋਬਾਇਲ ਅਤੇ ਵੈੱਬ ਡਿਵੈਲਪਮੈਂਟ ਦਾ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਖੁਦ ਮੋਬਾਇਲ ਐਪ ਅਤੇ ਵੈੱਬ ਸਾਈਟਸ ਬਣਾ ਸਕਣਗੇ। ਉਹਨਾਂ ਦੱਸਿਆ ਕਿ ਇਹ ਕੋਰਸ ਆਈ. ਬੀ. ਐਮ ਪ੍ਰਮਾਣਿਤ ਟ੍ਰੇਨਰਾਂ ਦੁਆਰਾ ਸਿਖਾਇਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਆਈ. ਬੀ. ਐਮ ਦੁਆਰਾ ਤਿਆਰ ਕੀਤੇ ਪ੍ਰੋਜੈਕਟਾਂ ‘ਤੇ ਕੰਮ ਕਰਨ ਦਾ ਮੌਕਾ ਵੀ ਮਿਲੇਗਾ।
ਵਿਦਿਆਰਥੀ ਇਹਨਾਂ ਕੋਰਸਾਂ ਵਿੱਚ ਪਾਇਥਨ, ਜਾਵਾ, ਐਸ. ਕਿਊ. ਐਲ ਵਰਗੀਆਂ ਕੰਪਿਊਟਰ ਭਾਸ਼ਾਵਾਂ ਦੇ ਐਡਵਾਂਸ ਲੈਵਲ ਸਿੱਖਣਗੇ। ਤਿੰਨ ਮਹੀਨਿਆਂ ਤੱਕ ਚੱਲਣ ਵਾਲੇ ਇਸ ਕੋਰਸ ਦੀਆਂ ਕਲਾਸਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣਗੀਆਂ। ਅਜਿਹੇ ਉੱਚ ਪੱਧਰੀ ਕੋਰਸ ਨੂੰ ਲੈ ਕੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ। ਜਿਨ੍ਹਾਂ ਨੇ ਬੀ.ਟੈਕ ਐਮ.ਸੀ.ਏ ਜਾਂ ਐਮ.ਐਸ.ਸੀ (ਆਈ.ਟੀ) ਕੀਤੀ ਹੈ, ਉਹ ਇਸ ਕੋਰਸ ਲਈ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਕੈਂਪ 24 ਦਸੰਬਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਐੱਮ.ਐੱਸ.ਡੀ. ਸੀ. ਹੁਸ਼ਿਆਰਪੁਰ ਵਿਖੇ ਲਗਾਇਆ ਜਾਵੇਗਾ। ਇਸ ਕੋਰਸ ਲਈ ਕਲਾਸਾਂ ਜਨਵਰੀ 2024 ਵਿਚ ਸ਼ੁਰੂ ਹੋਣਗੀਆਂ। ਇਸ ਕੈਂਪ ਵਿਚ ਜ਼ਿਲ੍ਹਾ ਰੋਜ਼ਗਾਰ ਅਤੇ ਉਦਯੋਗ ਬਿਊਰੋ ਅਤੇ ਡੀ ਪੀ ਐਮ ਯੂ ਦੀਆਂ ਟੀਮਾਂ ਨੇ ਵੀ ਭਾਗ ਲਿਆ, ਜਿਨ੍ਹਾਂ ਨੇ ਬੱਚਿਆਂ ਨੂੰ ਨਵੇਂ ਹੁਨਰ ਸਿੱਖਣ ਲਈ ਪ੍ਰੇਰਿਤ ਕੀਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
