ਚੰਡੀਗੜ੍ਹ, 17 ਜਨਵਰੀ (ਹਿ. ਸ.)। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਲੱਕੀ ਦੀ ਕੌਂਸਲਰ ਨੂੰ ਹਾਉਸ ਅਰੈਸਟ ਕਰਨ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਹੁਣ ਚੰਡੀਗੜ੍ਹ ਵਿੱਚ ਮੇਅਰ ਦੇ ਅਹੁਦੇ ਲਈ ਚੋਣਾਂ ਵੀਰਵਾਰ ਨੂੰ ਹੋਣਗੀਆਂ, ਜਿਸ ’ਚ ਇੰਡੀਆ ਗਠਜੋੜ ਅਤੇ ਭਾਜਪਾ ਦਾ ਇਮਤਿਹਾਨ ਹੋਵੇਗਾ।
ਬੁੱਧਵਾਰ ਨੂੰ ਜਿਸ ਪਟੀਸ਼ਨ ‘ਤੇ ਸੁਣਵਾਈ ਹੋਈ ਉਹ ਕਾਂਗਰਸ ਪ੍ਰਧਾਨ ਹਰਮੋਹਿੰਦਰ ਲੱਕੀ ਨੇ ਮੰਗਲਵਾਰ ਰਾਤ ਨੂੰ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਹਾਈ ਕੋਰਟ ਦੇ ਜਸਟਿਸ ਅਲੋਕ ਜੈਨ ਨੇ ਰਾਤ 12 ਵਜੇ ਵੀ ਕੀਤੀ। ਉਨ੍ਹਾਂ ਨੇ ਹਾਉਸ ਅਰੈਸਟ ’ਤੇ ਚੰਡੀਗੜ੍ਹ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਸ਼ਾਮ 5 ਵਜੇ ਰਿਪੋਰਟ ਮੰਗੀ ਸੀ। ਹਾਈ ਕੋਰਟ ਦੇ ਜਸਟਿਸ ਆਲੋਕ ਜੈਨ ਨੇ ਬੁੱਧਵਾਰ ਸ਼ਾਮ ਨੂੰ ਇਸ ‘ਤੇ ਦੋ ਵਾਰ ਬਹਿਸ ਕਰਵਾਈ। ਛੁੱਟੀ ਹੋਣ ਕਾਰਨ ਇਸ ਮਾਮਲੇ ਦੀ ਸੁਣਵਾਈ ਜੱਜ ਦੇ ਘਰ ਹੋਈ।
ਚੰਡਿਗੜ੍ਹ ਪੁਲਿਸ ਦੇ ਵਕੀਲ ਨੇ ਦੱਸਿਆ ਕਿ ਕਾਂਗਰਸੀ ਕੌਂਸਲਰ ਜਸਵੀਰ ਸਿੰਘ ਬੰਟੀ ਨੇ ਚੰਡੀਗੜ੍ਹ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਨੂੰ ਭਲਕੇ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਖ਼ਤਰਾ ਸੀ। ਇਸ ਲਈ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਹੈ। ਪੁਲਿਸ ਦੇ ਵਕੀਲ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਉਹ ਨਾ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਹਨ ਅਤੇ ਨਾ ਹੀ ਕੋਈ ਗਾਰਜ਼ੀਅਨ ਹਨ। ਅਜਿਹੇ ‘ਚ ਇਸ ਪਟੀਸ਼ਨ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।
ਇਸਦੇ ਵਿਰੋਧ ‘ਚ ਲੱਕੀ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਫੋਟੋ ਖਿੱਚਣ ਲਈ ਸਵੇਰੇ ਮੁਲਾਕਾਤ ਕਰਵਾ ਦਿੱਤੀ। ਉਸ ਤੋਂ ਬਾਅਦ ਫਿਰ ਦੁਬਾਰਾ ਕਿਸੇ ਨੂੰ ਨਹੀਂ ਮਿਲਾਇਆ ਜਾ ਰਿਹਾ ਹੈ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਦੀਆਂ ਦਲੀਲਾਂ ਨੂੰ ਮੰਨਦਿਆਂ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਹਰਮੋਹਿੰਦਰ ਸਿੰਘ ਲੱਕੀ ਦੀ ਪਟੀਸ਼ਨ ਰੱਦ ਕਰ ਦਿੱਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
