ਪਟਿਆਲਾ, 03 ਅਕਤੂਬਰ (ਹਿ. ਸ.)। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਵਿਖੇ ਡਾ. ਬਲਬੀਰ ਸਿੰਘ ਦਾ 49ਵਾਂ ਬਰਸੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਕੰਵਰਪਾਲ ਸਿੰਘ ਦੇ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।
ਇਸ ਮੌਕੇ ਡਾ. ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸਰਕਾਰ ਵਲੋਂ ‘ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਦਿਵਸ’ ਬਾਰੇ ਖੋਜ-ਭਰਪੂਰ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਨੇ ਦਸਿਆ ਕਿ ਜਿਸ ਸਮੇਂ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਅਰੰਭ ਹੋਇਆ, ਉਸ ਸਮੇਂ ਸਿੱਖ ਸਿਧਾਂਤਾਂ ਅਤੇ ਮਰਯਾਦਾ ਪੱਖੋਂ ਸਿੱਖਾਂ ਵਿਚ ਬਹੁਤ ਕਮੀਆਂ ਆ ਚੁਕੀਆਂ ਸਨ। ਇਹਨਾਂ ਕਮੀਆਂ ਨੂੰ ਦੂਰ ਕਰਨ ਲਈ ਸਿੰਘ ਸਭਾ ਲਹਿਰ ਨੇ ਨਿਯਮ-ਬਧ ਤਰੀਕੇ ਨਾਲ ਕੰਮ ਕੀਤਾ ਅਤੇ ਸਿੱਖ ਪੁਨਰ-ਜਾਗ੍ਰਤੀ ਲਈ ਸਲਾਹੁਣ ਯੋਗ ਕਾਰਜ ਕੀਤਾ। ਉਨਾਂ ਤੋਂ ਬਾਅਦ ਦੇਹਰਾਦੂਨ ਦੀ ਸੰਗਤ ਵਲੋਂ ਦਵਿੰਦਰ ਸਿੰਘ ਬਿੰਦਰਾ ਨੇ ਡਾ. ਬਲਬੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਉਹਨਾਂ ਤੋਂ ਬਾਅਦ ਸਿੱਖ ਵਿਸ਼ਵਕੋਸ਼ ਵਿਭਾਗ ਦੇ ਮੁਖੀ ਅਤੇ ਮੁੱਖ ਸੰਪਾਦਕ ਡਾ. ਪਰਮਵੀਰ ਸਿੰਘ ਦੁਆਰਾ ਸਿੰਘ ਸਭਾ ਲਹਿਰ ਦੇ ਅਰੰਭ, ਕਾਰਜ-ਪ੍ਰਣਾਲੀ ਅਤੇ ਯੋਗਦਾਨ ਬਾਰੇ ਕੀਮਤੀ ਤੱਥ ਸੰਗਤਾਂ ਦੇ ਸਨਮੁੱਖ ਰੱਖੇ ਗਏ। ਉਹਨਾਂ ਨੇ ਦਸਿਆ ਕਿ ਸਿੰਘ ਸਭਾ ਲਹਿਰ ਦੇ ਅਰੰਭ ਤਕ ਜੋ ਸਿੱਖਾਂ ਵਿਚ ਕਮੀਆਂ ਆਈਆਂ ਸਨ, ਉਹਨਾਂ ਦਾ ਵਡਾ ਕਾਰਨ ਖਾਲਸਾ ਰਾਜ ਦੀ ਸਮਾਪਤੀ ਪਿੱਛੋਂ ਅੰਗਰੇਜ਼ਾਂ ਦੁਆਰਾ ਵਰਤੀ ਗਈ ਵਿਸ਼ੇਸ਼ ਨੀਤੀ ਸੀ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
