ਫਾਜਿਲ਼ਕਾ, 16 ਨਵੰਬਰ (ਹਿ. ਸ.)। ਫਾਜਿ਼ਲਕਾ ਜਿ਼ਲ੍ਹੇ ਦੇ ਕਿਸਾਨਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ ਨੇ ਮੁੜ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਇਸਦਾ ਨਿਪਟਾਰਾ ਕਰਦੇ ਹੋਏ ਕਣਕ ਦੀ ਬਿਜਾਈ ਕਰਨ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਸਾੜਨ ਤੇ ਮੁਕੰਮਲ ਰੋਕ ਹੈ ਅਤੇ ਅਜਿਹਾ ਕਰਨ ਵਾਲਿਆਂ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਹਨ ਜਦ ਕਿ ਹੁਣ ਤੱਕ ਪਰਾਲੀ ਸਾੜਨ ਵਾਲੇ 21 ਲੋਕਾਂ ਖਿਲਾਫ ਥਾਣਿਆਂ ਵਿਚ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ।
ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ: ਸੇਨੂ ਦੁੱਗਲ ਦੀ ਅਗਵਾਈ ਵਿਚ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨ ਦਾ ਖੁਦ ਦਾ ਹੁੰਦਾ ਹੈ ਕਿਉਂਕਿ ਉਹ ਪਰਾਲੀ ਦੇ ਰੂਪ ਵਿਚ ਆਪਣੀ ਜਮੀਨ ਦੇ ਜਰੂਰੀ ਖੁਰਾਕੀ ਤੱਤ ਸਾੜ ਕੇ ਨਸ਼ਟ ਕਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਰਾਲੀ ਨੂੰ ਖੇਤ ਵਿਚ ਹੀ ਮਿਲਾ ਕੇ ਮਲਚਿੰਗ ਤਰੀਕੇ ਨਾਲ ਜਿਸ ਨੂੰ ਸੁਧਰੇ ਰੂਪ ਵਿਚ ਸਰਫੇਸ ਸਿਡਿੰਗ ਤਕਨੀਕ ਆਖਦੇ ਹਨ ਜਾਂ ਸੁਪਰ ਸੀਡਰ/ ਸਮਾਰਟ ਸੀਡਰ/ ਹੈਪੀ ਸੀਡਰ ਨਾਲ ਬਿਜਾਈ ਕੀਤੀ ਜਾਂਦੀ ਹੈ ਤਾਂ ਇਹ ਪਰਾਲੀ ਜਮੀਨ ਵਿਚ ਕਾਰਬਨਿਕ ਮਾਦੇ ਵਿਚ ਵਾਧਾ ਕਰਕੇ ਕਿਸਾਨ ਦੀ ਜਮੀਨ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਇਸ ਪ੍ਰਕਾਰ ਜੇਕਰ ਪ੍ਰਤੀ ਏਕੜ ਮਾਮੂਲੀ ਖਰਚ ਵੱਧ ਵੀ ਹੁੰਦਾ ਹੈ ਤਾਂ ਇਸ ਨਾਲ ਜਮੀਨ ਨੂੰ ਪੋਸ਼ਕ ਤੱਤ ਜਿਆਦਾ ਰਕਮ ਤੇ ਮਿਲਦੇ ਹਨ ਅਤੇ ਅਜਿਹੇ ਖੇਤਾਂ ਵਿਚ ਨਦੀਨਾਂ ਦੀ ਵੀ ਘੱਟ ਸਮੱਸਿਆ ਆਉਂਦੀ ਹੈ। ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਇਸ ਸਬੰਧੀ ਜੇਕਰ ਕਿਸੇ ਨੂੰ ਮਸ਼ੀਨਾਂ ਲੈਣ ਵਿਚ ਦਿੱਕਤ ਆ ਰਹੀ ਹੋਵੇ ਤਾਂ ਆਪਣੇ ਖੇਤੀਬਾੜੀ ਅਫ਼ਸਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਜਾਂ ਆਈ ਖੇਤ ਮੋਬਾਇਲ ਐਪ ਰਾਹੀਂ ਵੀ ਕਿਸਾਨ ਨੇੜੇ ਤੇੜੇ ਕਿਰਾਏ ਲਈ ਉਪਲਬੱਧ ਮਸ਼ੀਨਾਂ ਦੀ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕਾਫੀ ਵੱਡੇ ਰਕਬੇ ਵਿਚ ਪਰਾਲੀ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਕਾਫੀ ਰਕਬੇ ਵਿਚ ਕਣਕ ਦੀ ਬਿਜਾਈ ਹੋ ਵੀ ਗਈ ਹੈ।
ਉਨ੍ਹਾਂ ਨੇ ਮੁੜ ਦੁਹਰਾਇਆ ਕਿ ਜੇਕਰ ਕੋਈ ਪਰਾਲੀ ਨੂੰ ਸਾੜੇਗਾ ਤਾਂ ਫਿਰ ਕਾਨੂੰਨ ਆਪਣਾ ਕੰਮ ਕਰੇਗਾ। ਇਸ ਲਈ ਅਜਿਹਾ ਕੁਦਰਤ ਵਿਰੋਧੀ ਗੁਨਾਹ ਨਾ ਕੀਤਾ ਜਾਵੇ ਜਿਸਦਾ ਸਭਤੋਂ ਵੱਧ ਨੁਕਸਾਨ ਸਾਡੇ ਕਿਸਾਨ ਨੂੰ ਖੁਦ ਨੂੰ ਹੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਇਸਦੇ ਧੂੰਏ ਕਾਰਨ ਕਈ ਵਾਰ ਵੱਡੇ ਹਾਦਸੇ ਵੀ ਵਾਪਰ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿਵਲ ਅਤੇ ਪੁਲਿਸ ਵਿਭਾਗ ਵੱਲੋਂ ਲਗਾਤਾਰ ਖੇਤਾਂ ਦੇ ਦੌਰੇ ਕੀਤੇ ਜਾ ਰਹੇ ਹਨ ਤੇ ਜਿੱਥੇ ਕਿਸਾਨਾਂ ਵੱਲੋਂ ਅੱਗ ਲਗਾਈ ਮਿਲਦੀ ਹੈ ਉਸਨੂੰ ਬੁਝਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
