ਸੰਗਰੂਰ, 04 ਦਸੰਬਰ (ਹਿ. ਸ.)। ਜ਼ਿਲ੍ਹਾ ਸੰਗਰੂਰ ਵਿੱਚ ਮਿੱਟੀ, ਪਾਣੀ ਅਤੇ ਮੌਸਮ ਫਲਾਂ ਦੀ ਮਿਆਰੀ ਪੈਦਾਵਾਰ ਲਈ ਅਨੁਕੂਲ ਹੋਣ ਕਰਕੇ ਅਤੇ ਖਰੀਦਦਾਰਾਂ ਦੇ ਸਾਰਥਕ ਹੁੰਗਾਰੇ ਦੇ ਚਲਦਿਆਂ ਬਾਗ ਲਾਉਣ ਵਾਲਿਆਂ ਨੂੰ ਆਮਦਨ ਦੀਆਂ ਮਜ਼ਬੂਤ ਸੰਭਾਵਨਾਵਾਂ ਕਰਕੇ ਕਿਸਾਨਾਂ ਵਿੱਚ ਬਾਗ ਲਗਾਉਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਕਰੀਬ 1269 ਹੈਕਟੇਅਰ ਰਕਬੇ ਵਿੱਚ ਫ਼ਲਾਂ ਦੇ ਬਾਗ਼ ਵਧ ਫੁੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰਕਬੇ ਵਿੱਚੋਂ ਸਲਾਨਾ ਔਸਤਨ 18 ਹਜ਼ਾਰ 260 ਮੀਟ੍ਰਿਕ ਟਨ ਫ਼ਲਾਂ ਦਾ ਉਤਪਾਦਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਅਮਰੂਦ, ਆੜੂ, ਅਲੂਚਾ, ਡਰੈਗਨ ਫਰੂਟ ਪ੍ਰਤੀ ਬਾਗਬਾਨ ਆਕਰਸ਼ਿਤ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਕਿਸਮਾਂ ਦੇ ਫ਼ਲ ਵੀ ਇਸ ਖੇਤਰ ਵਿੱਚ ਅਪਣਾਏ ਜਾਣ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਫ਼ਲਾਂ ਹੇਠਲੇ ਕੁਲ ਰਕਬੇ ਵਿੱਚੋਂ ਕਰੀਬ 460 ਹੈਕਟੇਅਰ ਰਕਬਾ ਅਮਰੂਦਾਂ ਦੇ ਬਾਗ਼ ਦੇ ਹੇਠਾਂ ਹੈ ਜਿਸ ਤੋਂ ਔਸਤਨ 8600 ਮੀਟਰਕ ਟਨ ਸਲਾਨਾ ਅਮਰੂਦਾਂ ਦਾ ਉਤਪਾਦਨ ਹੁੰਦਾ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਿਰਵੰਤ ਸਿੰਘ ਇਸ ਸਬੰਧ ਵਿੱਚ ਦੱਸਦੇ ਹਨ ਕਿ ਨੇ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਲਗਾਤਾਰ ਕਿਸਾਨਾਂ ਅਤੇ ਜ਼ਿਮੀਂਦਾਰਾਂ ਨੂੰ ਬਾਗ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿਰਫ਼ ਅਮਰੂਦ ਦੀ ਹੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੰਜਾਬ ਵਿੱਚ ਅਮਰੂਦ ਦੀਆਂ ਜਿਹੜੀਆਂ ਕਿਸਮਾਂ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਉਨ੍ਹਾਂ ਵਿੱਚ ਇਲਾਹਾਬਾਦ ਸਫੈਦਾ, ਪੰਜਾਬ ਸਫ਼ੈਦਾ, ਸਵੇਤਾ, ਲਖਨਊ 49 ਅਤੇ ਪੰਜਾਬ ਪਿੰਕ ਸ਼ਾਮਲ ਹਨ ਜਿਨ੍ਹਾਂ ਦੀ ਬਜ਼ਾਰ ਵਿੱਚ ਖੂਬ ਮੰਗ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਠੇਕੇ ’ਤੇ ਅਮਰੂਦ ਦੇ ਬਾਗ ਦੇਣ ਤੋਂ ਇਲਾਵਾ ਜੇ ਖੁਦ ਮੰਡੀਕਰਨ ਕਰਦੇ ਹਨ ਤਾਂ ਪ੍ਰਤੀ ਏਕੜ ਇੱਕ ਲੱਖ ਰੁਪਏ ਤੱਕ ਦੀ ਆਮਦਨ ਵੀ ਹੋ ਸਕਦੀ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੇਂਦਰੀ ਯੋਜਨਾਵਾਂ ਤਹਿਤ ਕਿਸਾਨਾਂ ਨੂੰ ਬਾਗਬਾਨੀ ਅਪਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਬਾਗ ਦੀ ਸਾਂਭ ਸੰਭਾਲ ਲਈ ਸਮੇਂ ਸਮੇਂ ਤੇ ਵਿਭਾਗੀ ਮਾਹਿਰ ਤਕਨੀਕੀ ਜਾਣਕਾਰੀ ਦੇਣ ਲਈ ਬਾਗਾਂ ਦੇ ਦੌਰੇ ਵੀ ਕਰਦੇ ਹਨ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
