ਜਲੰਧਰ, 27 ਸਤੰਬਰ (ਹਿ. ਸ.)
ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਾਜਬ ਕੀਮਤਾਂ ’ਤੇ ਰਿਹਾਇਸ਼ੀ ਪਲਾਟ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਪੱਧਰੀ ‘ਪ੍ਰਾਈਸ ਐਂਡ ਰੈਂਟ ਫਿਕਸੇਸ਼ਨ ਕਮੇਟੀ’ ਜਲੰਧਰ ਵਲੋਂ ਨਗਰ ਸੁਧਾਰ ਟਰੱਸਟ ਜਲੰਧਰ ਦੀਆਂ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਦੀ ਰਾਖਵੀਂ ਕੀਮਤ ਨਿਰਧਾਰਿਤ ਕੀਤੀ ਗਈ। ਜ਼ਿਲ੍ਹਾ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਜੋ ਕਿ ਇਸ ਕਮੇਟੀ ਦੇ ਚੇਅਰਮੈਨ ਹਨ , ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਗਰ ਸੁਧਾਰ ਟਰੱਸਟਾਂ ਦੀਆਂ ਜਾਇਦਾਦਾਂ ਨੂੰ ਵੇਚਣ/ਨਿਲਾਮ ਕਰਨ ਲਈ ਹਰ ਸਾਲ ਰਾਖਵੇਂ ਰੇਟ ਨਿਰਧਾਰਿਤ ਕੀਤੇ ਜਾਂਦੇ ਹਨ। ਕਮੇਟੀ ਦੀ ਮੀਟਿੰਗ ਦੌਰਾਨ ਨਗਰ ਨਿਗਮ, ਜਲੰਧਰ ਦੇ ਕਮਿਸ਼ਨਰ ਰਿਸ਼ੀਪਾਲ ਸਿੰਘ ਵੀ ਹਾਜ਼ਰ ਸਨ।ਕਮੇਟੀ ਵਲੋਂ ਸਰਬਸੰਮਤੀ ਦੇ ਨਾਲ ਲੋਕਾਂ ਨੂੰ ਢੁਕਵੇਂ ਰੇਟਾਂ ’ਤੇ ਜਾਇਦਾਦ ਖ਼ਰੀਦਣ ਲਈ ਮੌਕੇ ਉਪਲਬੱਧ ਕਰਵਾਉਣ ਅਤੇ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵਾਧਾ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਬੰਧਿਤ ਖੇਤਰਾਂ ਦੇ ਮਾਰਕਿਟ ਰੇਟਾਂ ਅਤੇ ਕੁਲੈਕਟਰ ਰੇਟਾਂ ਦੀ ਰੌਸ਼ਨੀ ਵਿੱਚ ਰੇਟ ਨਿਰਧਾਰਿਤ ਕੀਤੇ ਗਏ। ‘ਦਿ ਪੰਜਾਬ ਮੇਨੈਜਮੇਂਟ ਐਂਡ ਟਰਾਂਸਫਰ ਆਫ਼ ਮਿਊਂਸੀਪਲ ਪ੍ਰਾਪਰਟੀਜ਼ ਐਕਟ-2020’ ਤਹਿਤ ਗਠਿਤ ਜ਼ਿਲ੍ਹਾ ਪੱਧਰੀ ‘ਪ੍ਰਾਈਸ ਐਂਡ ਰੈਂਟ ਫਿਕਸੇਸ਼ਨ’ ਕਮੇਟੀ ਦੀ ਮੀਟਿੰਗ ਵਿੱਚ ਲੋਕ ਸਭਾ ਮੈਂਬਰ ਅਤੇ ਸਬੰਧਿਤ ਨਗਰ ਨਿਗਮਾਂ ਦੇ ਅਧਿਕਾਰ ਵਾਲੇ ਖੇਤਰਾਂ ਦੇ ਵਿਧਾਇਕਾਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਸਬੰਧਿਤ ਨਗਰ ਨਿਗਮ/ਨਗਰ ਕੌਂਸਲ ਦਾ ਮੇਅਰ, ਕਮਿਸ਼ਨਰ ਅਤੇ ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਬਤੌਰ ਮੈਂਬਰ ਸ਼ਾਮਿਲ ਹੋਏ। ਇਸ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਭਾਗ ਲਿਆ।
ਜਲੰਧਰ ਨਗਰ ਸੁਧਾਰ ਟਰੱਸਟ ਦੀਆਂ ਵੱਖ-ਵੱਖ ਵਿਕਾਸ ਸਕੀਮਾਂ ਲਈ ਸਾਲ 2023-24 ਦੌਰਾਨ 9 ਰਿਹਾਇਸ਼ੀ ਅਤੇ ਵਪਾਰਕ ਯੋਜਨਾਵਾਂ ਦੇ ਰੇਟ ਨਿਰਧਾਰਿਤ ਕੀਤੇ ਗਏ। ਇਨ੍ਹਾਂ ਵਿੱਚ ਮੁੱਖ ਤੌਰ ’ਤੇ 170 ਏਕੜ ਵਿੱਚ ਸੂਰੀਆ ਇਨਕਲੇਵ, 70.5 ਏਕੜ ਵਿਚਲੇ ਮਹਾਰਾਜਾ ਰਣਜੀਤ ਸਿੰਘ ਐਵਿਨਿਊ, 94.97 ਏਕੜ ਸੂਰੀਆ ਇਨਕਲੇਵ ਐਕਸਟੈਂਸਨ ਅਤੇ 94.5 ਏਕੜ ਗੁਰੂ ਗੋਬਿੰਦ ਸਿੰਘ ਐਵਿਨਿਊ ਲਈ ਰਿਹਾਇਸ਼ੀ ਰੇਟ ਪ੍ਰਤੀ ਮਰਲਾ 5.50 ਲੱਖ ਰੁਪਏ ਅਤੇ ਵਪਾਰਕ ਰੇਟ 11 ਲੱਖ ਰੁਪਏ ਪ੍ਰਤੀ ਮਰਲਾ ਨਿਰਧਾਰਿਤ ਕੀਤਾ ਗਿਆ।
ਇਸ ਤੋਂ ਇਲਾਵਾ 13.96 ਏਕੜ ਵਿੱਚ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਵਿਖੇ ਰਿਹਾਇਸ਼ੀ ਪਲਾਟਾਂ ਲਈ 3 ਲੱਖ ਰੁਪਏ ਪ੍ਰਤੀ ਮਰਲਾ ਅਤੇ 33 ਵਰਗ ਗਜ਼ ਦੇ ਉਸਰੇ ਹੋਏ ਬੂਥਾਂ ਦਾ ਵਪਾਰਕ ਰੇਟ ਪ੍ਰਤੀ ਬੂਥ 8 ਲੱਖ ਰੁਪਏ ਨਿਰਧਾਰਿਤ ਕੀਤਾ ਗਿਆ। ਇਸ ਤੋਂ ਇਲਾਵਾ 51.5 ਏਕੜ ਵਿਚ ਗੁਰੂ ਅਮਰਦਾਸ ਨਗਰ ਵਿਖੇ ਰਿਹਾਇਸ਼ੀ ਪਲਾਟਾਂ ਲਈ 4 ਲੱਖ ਰੁਪਏ ਪ੍ਰਤੀ ਮਰਲਾ ਅਤੇ 6 ਲੱਖ ਰੁਪਏ ਪ੍ਰਤੀ ਮਰਲਾ ਵਪਾਰਕ ਰੇਟ ਨਿਰਧਾਰਿਤ ਕੀਤਾ ਗਿਆ। 3.71 ਏਕੜ ਵਿਚਲੇ ਮੇਜਰ ਰਮਨ ਦਾਦਾ ਕਮਰਸ਼ੀਅਲ ਕੰਪਲੈਕਸ ਲਈ 60 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਰੇਟ ਨਿਰਧਾਰਿਤ ਕੀਤਾ ਗਿਆ। ਇਸ ਤੋਂ ਇਲਾਵਾ 107.3 ਏਕੜ ਵਿੱਚ ਜੇ.ਪੀ. ਨਗਰ ਯੋਜਨਾ ਵਿਖੇ ਰਿਹਾਇਸ਼ੀ ਪਲਾਟਾਂ ਲਈ 9 ਲੱਖ ਰੁਪਏ ਪ੍ਰਤੀ ਮਰਲਾ ਅਤੇ 11 ਲੱਖ ਰੁਪਏ ਪ੍ਰਤੀ ਮਰਲਾ ਵਪਾਰਕ ਰੇਟ ਨਿਰਧਾਰਿਤ ਕੀਤਾ ਗਿਆ। ਇਸੇ ਤਰ੍ਹਾਂ 26.8 ਏਕੜ ਖੇਤਰ ਵਿੱਚ ਭਗਤ ਸਿੰਘ ਕਲੋਨੀ ਲਈ 7 ਲੱਖ ਰੁਪਏ ਪ੍ਰਤੀ ਮਰਲਾ ਵਪਾਰਕ ਕੀਮਤ ਨਿਰਧਾਰਿਤ ਕੀਤੀ ਗਈ। ਕਮੇਟੀ ਦੀ ਮੀਟਿੰਗ ਦੌਰਾਨ ਨਗਰ ਸੁਧਾਰ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਪਰਮਜੀਤ ਸਿੰਘ, ਇੰਜੀਨੀਅਰ ਇੰਦਰਪਾਲ ਸਿੰਘ, ਲੋਕ ਸਭਾ ਮੈਂਬਰ ਅਤੇ ਵਿਧਾਇਕਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ/ ਅਸ਼੍ਵਨੀ ਠਾਕੁਰ/ਸੰਜੀਵ
