ਅੰਮ੍ਰਿਤਸਰ, 15 ਜਨਵਰੀ (ਹਿ. ਸ.)। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ ‘ਆਪੇ ਗੁਰੁ ਚੇਲਾ’ ਨਗਰ ਕੀਰਤਨ ਅੱਜ ਛੇਵੇਂ ਦਿਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਹਾਜੀਰਤਨ ਬਠਿੰਡਾ ਲਈ ਰਵਾਨਾ ਹੋਇਆ।
ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪਾਲਕੀ ਸਾਹਿਬ ਵਿੱਚ ਸ਼ਸ਼ੋਭਿਤ ਕੀਤਾ। ਅਰੰਭਤਾ ਸਮੇਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ।
ਨਗਰ ਕੀਰਤਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ `ਤੇ ਚਲਦਾ ਹੋਇਆ ਪਿੰਡ ਬਰਕੰਦੀ, ਰੁਪਾਣਾ, ਭੂੰਦੜ, ਗੁਰੂਸਰ, ਛੱਤੇਆਣਾ, ਕੋਟਭਾਈ, ਸਾਹਿਬ ਚੰਦ, ਭਲਾਈਆਣਾ, ਕੋਠੇ ਚੇਤ ਸਿੰਘ ਵਾਲਾ, ਕੋਠੇ ਫੂਲੇ ਵਾਲਾ, ਕਿਲੀ ਨਿਹਾਲ ਸਿੰਘ, ਅੱਡਾ ਬੁਰਜ ਮਹਿਮਾ, ਮਹਿਮਾ ਭਗਵਾਨਾ, ਕੋਠੇ ਨਾਥੀਆਣਾ, ਲੱਖੀ ਜੰਗਲ, ਨੇਹੀਆਂ ਵਾਲਾ, ਗੋਨਿਆਣਾ ਮੰਡੀ, ਮਾਲਰੋਡ, ਭੋਖੜਾ, ਗਿੱਲ ਪੱਤੀ, ਥਰਮਲ ਕਲੋਨੀ, ਭਾਈ ਘਨੱਈਆ ਚੌਂਕ, ਰੋਜ ਗਾਰਡਨ, ਸਬਜੀ ਮੰਡੀ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਹਾਜੀਰਤਨ, ਬਠਿੰਡਾ ਪੁੱਜਾ।
ਰਸਤੇ ਵਿਚ ਸੰਗਤ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਸੁੰਦਰ ਗੇਟ ਬਣਾਏ ਗਏ ਸਨ ਅਤੇ ਵੱਖ-ਵੱਖ ਪੜਾਵਾਂ ’ਤੇ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਵਜੋਂ ਰੁਮਾਲਾ ਸਾਹਿਬ ਭੇਟ ਕੀਤੇ ਗਏ। ਸੰਗਤਾਂ ਵੱਲੋਂ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ। ਨਗਰ ਕੀਰਤਨ ਨਾਲ ਚਲ ਰਹੀ ਸ਼ਸ਼ਤਰਾਂ ਵਾਲੀ ਬਸ ਵਿੱਚ ਸ਼ਸ਼ੋਭਿਤ ਗੁਰੂ ਸਾਹਿਬ ਦੇ ਸ਼ਸ਼ਤਰਾਂ ਦੇ ਵੀ ਸੰਗਤ ਨੇ ਉਤਸ਼ਾਹ ਨਾਲ ਦਰਸ਼ਨ ਕੀਤੇ।
ਜਿਕਰਯੋਗ ਹੈ ਕਿ ਆਪੇ ਗੁਰੁ ਚੇਲਾ ਨਗਰ ਕੀਰਤਨ 16 ਜਨਵਰੀ ਨੂੰ ਗੁਰਦੁਆਰਾ ਸ੍ਰੀ ਹਾਜੀਰਤਨ ਬਠਿੰਡਾ ਤੋਂ ਚੱਲ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚ ਕੇ ਸੰਪੂਰਨ ਹੋਵੇਗਾ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
