ਮੁਹਾਲੀ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਦੌਰਾਨ ਹਰਜਿੰਦਰ ਸਿੰਘ ਧਵਨ ਨੂੰ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਦੀ ਪ੍ਰਧਾਨਗੀ ਹੇਠ ਹੋਈ ਦੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਡਵਾਲ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦੇ ਧੰਨਵਾਦੀ ਹਨ ਜਿਹਨਾਂ ਵਲੋਂ ਉਹਨਾਂ ਨੂੰ ਸੰਸਥਾ ਨੁਮਾਇੰਦਿਗੀ ਕਰਨ ਦੀ ਜਿੰਮੇਵਾਰੀ ਦਿੱਤੀ ਸੀ ਅਤੇ ਉਹਨਾਂ ਵਲੋਂ ਆਪਣੇ ਕਾਰਜਕਾਲ ਦੌਰਾਨ ਸੰਸਥਾ ਦੀ ਬਿਹਤਰੀ ਦੇ ਨਾਲ ਨਾਲ ਮੈਂਬਰਾਂ ਦੀਆਂ ਨਿੱਜੀ ਸਮੱਸਿਆਵਾਂ ਦੇ ਹਲ ਲਈ ਕੰਮ ਕਰਨ ਦੇ ਯਤਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸੰਸਥਾ ਦੇ ਸੰਵਿਧਾਨ ਅਨੁਸਾਰ ਉਹ ਆਪਣਾ ਕਾਰਜਕਾਲ ਪੂਰਾ ਹੋਣ ਤੇ ਕਾਰਜਕਾਰਨੀ ਨੂੰ ਭੰਗ ਕਰਨ ਦਾ ਐਲਾਨ ਕਰਦੇ ਹਨ। ਉਹਨਾਂ ਕਿਹਾ ਕਿ ਸੰਸਥਾ ਦੇ ਕਈ ਅਹਿਮ ਕੰਮ ਹੋਣ ਵਾਲੇ ਰਹਿੰਦੇ ਹਨ ਇਸ ਲਈ ਉਹ ਗੁਜਾਰਿਸ਼ ਕਰਦੇ ਹਨ ਕਿ ਹਾਊਸ ਵਲੋਂ ਸਰਵਸੰਮਤੀ ਨਾਲ ਚੋਣ ਕਰਕੇ ਇਸ ਕੰਮ ਨੂੰ ਅੱਗੇ ਵਧਾਇਆ ਜਾਵੇ।
ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਵਲੋਂ ਪ੍ਰਧਾਨ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਵਨ ਦਾ ਨਾਮ ਤਜਵੀਜ ਕੀਤਾ ਗਿਆ ਜਿਸਦੀ ਹਾਊਸ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਅਤੇ ਉਹਨਾਂ ਨੂੰ ਨਵੀਂ ਕਾਰਜਕਾਰਨੀ ਦੇ ਗਠਨ ਦੇ ਅਧਿਕਾਰ ਵੀ ਦੇ ਦਿੱਤੇ ਗਏ। ਇਸ ਮੌਕੇ ਧਵਨ ਨੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚਲਣਗੇ ਅਤੇ ਸੰਸਥਾ ਦੀ ਬਿਹਤਰੀ ਲਈ ਕੰਮ ਕਰਨਗੇ।
