ਲੁਧਿਆਣਾ, 15 ਅਕਤੂਬਰ। ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਸ ਤੌਰ ‘ਤੇ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਅਤੇ ਕਬਜ਼ਿਆਂ ਨੂੰ ਰੋਕਣ ਲਈ, ਨਗਰ ਨਿਗਮ, ਪੁਲਿਸ ਵਿਭਾਗ ਅਤੇ ਲੋਕ ਨੁਮਾਇੰਦਿਆਂ ਨੇ ਸ਼ਨੀਵਾਰ ਨੂੰ ਚੌੜਾ ਬਾਜ਼ਾਰ ਵਿੱਚ ਪੁਰਾਣੇ ਸ਼ਹਿਰ ਦੀਆਂ ਮਾਰਕੀਟ ਐਸੋਸੀਏਸ਼ਨਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਦੇ ਪ੍ਰਧਾਨਾਂ/ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪੋ-ਆਪਣੇ ਬਾਜ਼ਾਰਾਂ ਵਿਚਲੇ ਦੁਕਾਨਦਾਰਾਂ ਨੂੰ ਸੜਕ ਦੇ ਹਿੱਸਿਆਂ ‘ਤੇ ਕਬਜ਼ੇ ਕਰਨ ਤੋਂ ਰੋਕਣ ਕਿਉਂਕਿ ਇਸ ਨਾਲ ਟ੍ਰੈਫਿਕ ਜਾਮ ਹੁੰਦਾ ਹੈ। ਮੀਟਿੰਗ ਵਿੱਚ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਨੁਮਾਇੰਦੇ, ਸਾਬਕਾ ਕੌਂਸਲਰ ਰਾਕੇਸ਼ ਪਰਾਸ਼ਰ ਅਤੇ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਦੇ ਨੁਮਾਇੰਦੇ ਅਮਨ ਬੱਗਾ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਨਗਰ ਨਿਗਮ ਜ਼ੋਨਲ ਕਮਿਸ਼ਨਰ ਨੀਰਜ ਜੈਨ, ਡੀ.ਐਸ.ਪੀ. (ਨਗਰ ਨਿਗਮ ਪੁਲੀਸ ਬ੍ਰਾਂਚ) ਰਾਜ ਕੁਮਾਰ ਚੌਧਰੀ, ਐਸ.ਐਚ.ਓ . ਕੋਤਵਾਲੀ ਗਗਨਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਮੀਟਿੰਗ ਵਿੱਚ ਚੌੜਾ ਬਾਜ਼ਾਰ ਮਾਰਕੀਟ ਐਸੋਸੀਏਸ਼ਨ, ਅਕਾਲਗੜ੍ਹ ਮਾਰਕੀਟ ਐਸੋਸੀਏਸ਼ਨ, ਕਰੀਮਪੁਰਾ ਬਾਜ਼ਾਰ ਮਾਰਕੀਟ ਐਸੋਸੀਏਸ਼ਨ, ਗਾਂਧੀ ਨਗਰ ਮਾਰਕੀਟ ਐਸੋਸੀਏਸ਼ਨ, ਨਿੱਗਰ ਮੰਡੀ ਐਸੋਸੀਏਸ਼ਨ, ਫੀਲਡ ਗੰਜ ਮਾਰਕੀਟ ਐਸੋਸੀਏਸ਼ਨ ਆਦਿ ਸਮੇਤ 30 ਦੇ ਕਰੀਬ ਪੁਰਾਣੇ ਸ਼ਹਿਰ ਦੀਆਂ ਮਾਰਕੀਟ ਐਸੋਸੀਏਸ਼ਨਾਂ ਦੇ ਪ੍ਰਧਾਨਾਂ/ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਨਗਰ ਨਿਗਮ ਅਤੇ ਪੁਲਿਸ ਵਿਭਾਗ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੀਤੀ ਪਹਿਲਕਦਮੀ ਦਾ ਹਾਂ-ਪੱਖੀ ਹੁੰਗਾਰਾ ਭਰਿਆ।
ਚੌੜਾ ਬਾਜ਼ਾਰ ਤੋਂ ਸ਼ਿਵ ਕੁਮਾਰ ਸ਼ਰਮਾ, ਨਿੱਗਰ ਮੰਡੀ ਤੋਂ ਹਰਪ੍ਰੀਤ ਸਿੰਘ ਮੱਕੜ, ਅਕਾਲਗੜ੍ਹ ਮਾਰਕੀਟ ਤੋਂ ਮਨਪ੍ਰੀਤ ਸਿੰਘ ਬੰਟੀ, ਗਾਂਧੀ ਨਗਰ ਬਾਜ਼ਾਰ ਤੋਂ ਨੀਰਜ ਆਹੂਜਾ, ਕੇਵਲ ਛਾਬੜਾ, ਬਿੱਟੂ ਗੁੰਬਰ ਸਮੇਤ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਦੇ ਪ੍ਰਧਾਨਾਂ/ਮੈਂਬਰਾਂ ਨੇ ਵੀ ਦੁਕਾਨਦਾਰਾਂ ਨੂੰ ਸੜਕ ਦੇ ਹਿੱਸੇ ’ਤੇ ਕਬਜ਼ੇ ਨਾ ਕਰਨ ਦੀ ਅਪੀਲ ਕੀਤੀ।
ਸਮੂਹ ਮਾਰਕੀਟ ਐਸੋਸੀਏਸ਼ਨਾਂ ਦੇ ਪ੍ਰਧਾਨਾਂ/ਮੈਂਬਰਾਂ ਨੇ ਚੌੜਾ ਬਾਜ਼ਾਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਈ-ਰਿਕਸ਼ਾ ਦੀ ਆਵਾਜਾਈ ‘ਤੇ ਪਾਬੰਦੀ ਲਗਾਉਣ ਅਤੇ ਵੱਖ-ਵੱਖ ਥਾਵਾਂ ‘ਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦੀ ਮੰਗ ਵੀ ਕੀਤੀ। ਦੁਕਾਨਦਾਰਾਂ ਦੀ ਇਸ ਮੰਗ ‘ਤੇ ਗੌਰ ਕਰਦਿਆਂ ਪੁਲਿਸ ਵਿਭਾਗ ਨੂੰ ਲੋੜ ਪੈਣ ‘ਤੇ ਵਿਕਲਪ ਤਲਾਸ਼ਣ ਅਤੇ ਪਾਬੰਦੀਆਂ ਲਗਾਉਣ ਦੇ ਨਿਰਦੇਸ਼ ਦਿੱਤੇ ਗਏ।
ਨਗਰ ਨਿਗਮ ਜ਼ੋਨਲ ਕਮਿਸ਼ਨਰ (ਜ਼ੋਨ ਏ), ਨੀਰਜ ਜੈਨ ਨੇ ਦੱਸਿਆ ਕਿ ਮਾਰਕੀਟ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰਨ ਦੀ ਪਹਿਲਕਦਮੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਹੈ। ਜੈਨ ਨੇ ਕਿਹਾ ਕਿ ਮਾਰਕੀਟਾਂ/ਬਾਜ਼ਾਰਾ ਵਿੱਚ ਕਬਜ਼ਿਆਂ ਨੂੰ ਰੋਕਣ ਨਾਲ ਦੁਕਾਨਦਾਰਾਂ ਨੂੰ ਵੀ ਫਾਇਦਾ ਹੋਵੇਗਾ। ਕਬਜ਼ਿਆਂ ਕਾਰਨ ਟ੍ਰੈਫਿਕ ਜਾਮ ਹੁੰਦਾ ਹੈ ਅਤੇ ਬਾਜ਼ਾਰ ਵਿੱਚ ਗਾਹਕਾਂ ਦੀ ਆਮਦ ਵੀ ਪ੍ਰਭਾਵਿਤ ਹੁੰਦੀ ਹੈ। ਕਬਜ਼ਿਆਂ ਕਾਰਨ ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਜੈਨ ਨੇ ਕਿਹਾ ਕਿ ਦੁਕਾਨਦਾਰ ਖੁਦ ਕਬਜੇ ਕਰਨੇ ਬੰਦ ਕਰਨ ਨਹੀਂ ਤਾਂ ਨਗਰ ਨਿਗਮ ਅਤੇ ਪੁਲਿਸ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗੀ। ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ।
ਰਾਕੇਸ਼ ਪਰਾਸ਼ਰ ਅਤੇ ਅਮਨ ਬੱਗਾ ਨੇ ਦੁਕਾਨਦਾਰਾਂ ਨੂੰ ਕਬਜ਼ਿਆਂ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਆਪਣੇ ਫਾਇਦੇ ਲਈ ਹੈ ਕਿਉਂਕਿ ਇਸ ਨਾਲ ਬਾਜ਼ਾਰਾਂ ਵਿੱਚ ਜਾਮ ਘੱਟ ਹੋਵੇਗਾ। ਪਰਾਸ਼ਰ ਅਤੇ ਬੱਗਾ ਨੇ ਸਮੱਸਿਆ ਦੇ ਹੱਲ ਲਈ ਅੱਗੇ ਵਧਣ ਲਈ ਮਾਰਕੀਟ ਐਸੋਸੀਏਸ਼ਨਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਬਾਜ਼ਾਰਾ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਦੇ ਮੈਂਬਰਾਂ ਨਾਲ ਇੱਕ ਕਮੇਟੀ ਬਣਾਈ ਜਾਵੇ ਅਤੇ ਮੀਟਿੰਗਾਂ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੁਕਾਨਦਾਰਾਂ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਹ ਕੰਮ ਅਮਨ-ਅਮਾਨ ਨਾਲ ਕੀਤਾ ਜਾ ਸਕੇ।
