ਫਾਜ਼ਿਲਕਾ 04 ਅਕਤੂਬਰ (ਹਿ. ਸ.)। ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਕਿਸਾਨ ਵੀਰ ਅਤੇ ਆਮ ਲੋਕ ਵੀ ਸਰਕਾਰ ਦੇ ਇਸ ਜਾਗਰੂਕਤਾ ਅਭਿਆਨ ਵਿਚ ਸਹਿਯੋਗ ਦੇ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਚਲਾਈ ਜਾ ਰਹੀ ਸਰਕਾਰੀ ਕੈਟਲ ਪਾਊਂਡ ਵਿੱਚ ਫਾਜ਼ਿਲਕਾ ਦੇ ਸਮਾਜ ਸੇਵੀਆਂ ਵੱਲੋਂ ਜਾਗਰੂਕ ਹੁੰਦਿਆਂ ਪਰਾਲੀ ਨੂੰ ਅੱਗ ਨਾ ਲਗਾ ਕੇ ਪਰਾਲੀ ਦੀਆਂ ਗੱਠਾ ਬਣਾ ਕੇ ਗਉਆਂ ਦੇ ਚਾਰੇ ਵਾਸਤੇ ਦਾਨ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਕੈਟਲ ਪੌਂਡ ਸਲੇਮਸ਼ਾਹ ਇੰਚਾਰਜ ਸੋਨੂੰ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ: ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਜੀਵ ਕੁਮਾਰ ਸਰਮਾ ਦੀ ਅਗਵਾਈ ‘ਚ ਪਿੰਡਾਂ ਅਤੇ ਸ਼ਹਿਰਾਂ ‘ਚ ਪਹੁੰਚ ਕੇ ਲੋਕਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਨਾਲ-ਨਾਲ ਨੁਕਸਾਨ ਬਾਰੇ ਵੀ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ ਸਮਾਜ ਸੇਵੀ ਡਾ: ਰਮੇਸ਼ ਚੰਦਰ ਮਿਗਲਾਨੀ ਵੱਲੋਂ 70 ਕੁਇੰਟਲ ਦੇ ਕਰੀਬ ਪਰਾਲੀ ਦੀਆਂ ਗੱਠਾਂ ਬਣਾ ਕੇ ਕੈਟਲ ਪੋਂਡ ਵਿਖੇ ਪਸ਼ੂਆਂ ਵਾਸਤੇ ਚਾਰੇ ਲਈ ਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਾ: ਰਮੇਸ਼ ਚੰਦਰ ਮਿਗਲਾਨੀ ਵੱਲੋਂ ਹਰੇਕ ਸਾਲ ਪਰਾਲੀ ਦੀਆਂ ਗੱਠਾਂ ਬਣਾ ਕੇ ਕੈਟਲ ਪਾਊਂਡ ਨੂੰ ਦਾਨ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਕੈਟਲ ਪੋਂਡ ਦੇ ਮੈਂਬਰ ਦਿਨੇਸ਼ ਕੁਮਾਰ ਮੋਦੀ, ਮਹਿੰਦਰ ਪ੍ਰਤਾਪ ਢੀਂਗੜਾ, ਸੁਰਿੰਦਰ ਸਚਦੇਵਾ, ਨਰੇਸ ਕੁਮਾਰ ਚਾਵਲਾ ਅਤੇ ਸੰਜੀਵ ਕੁਮਾਰ ਵੱਲੋਂ ਕਿਸਾਨਾਂ ਅਤੇ ਹੋਰਨਾਂ ਸਮਾਜ ਸੇਵੀਆਂ ਨੂੰ ਕੈਟਲ ਪੋਂਡ ਵਿੱਚ ਪਰਾਲੀ ਦਾਨ ਕਰਕੇ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
