ਲਾਲੜੂ, 08 ਦਸੰਬਰ (ਹਿ. ਸ.)। ਲਾਲੜੂ ਮੰਡੀ ਨੇੜੇ ਪੈਂਦੀ ਸਰਦਾਰਪੁਰਾ ਕਾਲੋਨੀ ਵਿੱਚ ਇੱਕ ਬੰਦ ਘਰ ਦੇ ਜਿੰਦਰੇ ਤੋੜ ਕੇ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਮਕਾਨ ਮਾਲਕ ਪਿਓ-ਪੁੱਤ ਨੇ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਉਸ ਦੇ ਦੋ ਸਾਥੀ ਕੰਧ ਟੱਪ ਕੇ ਆਪਣੇ ਨਾਲ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਪੁਲਿਸ ਨੇ ਗੋਲੂ ਅਤੇ ਉਸ ਦੇ ਭਗੌੜੇ ਸਾਥੀ ਸੁਮਿਤ ਵਾਸੀ ਹਰੀ ਪੈਲੇਸ ਅੰਬਾਲਾ ਸ਼ਹਿਰ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਬਹਾਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 4 ਸਰਦਾਰਪੁਰ ਕਾਲੋਨੀ ਲਾਲੜੂ ਮੰਡੀ ਨੇ ਦੱਸਿਆ ਕਿ ਸ਼ਾਮ ਨੂੰ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਪੁੱਤਰ ਦਵਿੰਦਰ ਸਿੰਘ ਨਾਲ ਰਾਤ ਦਾ ਖਾਣਾ ਖਾਣ ਲਈ ਬਾਹਰ ਗਿਆ ਸੀ।
ਰਾਤ ਕਰੀਬ 9 ਵਜੇ ਜਦੋਂ ਉਹ ਵਾਪਸ ਪਰਤਿਆ ਤਾਂ ਦੇਖਿਆ ਕਿ ਉਸ ਦੇ ਘਰ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਦੋ ਨੌਜਵਾਨ ਉਸ ਦੇ ਘਰ ਅੰਦਰੋਂ ਘਰੇਲੂ ਸਾਮਾਨ ਦੀ ਫਰੋਲਾ-ਫਰਾਲੀ ਕਰ ਰਹੇ ਸਨ। ਪਿਉ-ਪੁੱਤ ਨੂੰ ਦੇਖ ਕੇ ਇੱਕ ਮੁੰਡਾ ਰਾਤ ਦੇ ਹਨੇਰੇ ਵਿੱਚ ਗੈਲਰੀ ਦੀ ਕੰਧ ਟੱਪ ਕੇ ਭੱਜ ਗਿਆ। ਉਸ ਦੇ ਲੜਕੇ ਨੇ ਦੂਜੇ ਲੜਕੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਜੋ ਘਰ ਦੀ ਕੰਧ ਅਤੇ ਲੋਹੇ ਦੇ ਗੇਟ ਨਾਲ ਵੱਜਿਆ, ਪਰ ਦਵਿੰਦਰ ਸਿੰਘ ਨੇ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਕਾਬੂ ਕਰ ਲਿਆ।
ਅੰਦਰ ਪਏ ਸਮਾਨ ਦੀ ਜਾਂਚ ਕਰਨ ‘ਤੇ ਅਲਮਾਰੀ ‘ਚੋਂ 75,500 ਰੁਪਏ, ਸੋਨੇ ਦੀਆਂ ਪੰਜ ਮੁੰਦਰੀਆਂ, ਹੋਰ ਗਹਿਣੇ ਅਤੇ ਕੀਮਤੀ ਸਮਾਨ ਗਾਇਬ ਪਾਇਆ ਗਿਆ।ਬਾਕੀ ਵਸਤੂਆਂ ਦੀ ਸੂਚੀ ਬਾਅਦ ਵਿੱਚ ਨੱਥੀ ਕੀਤੀ ਜਾਵੇਗੀ। ਉਕਤ ਵਿਅਕਤੀਆਂ ਨੂੰ ਫੜ ਕੇ ਪਿਓ-ਪੁੱਤਾਂ ਨੇ ਪੁਲਿਸ ਹਵਾਲੇ ਕਰ ਦਿੱਤਾ।ਪੁਲਿਸ ਨੇ ਗੋਲੂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਜਿਥੋਂ ਉਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
