ਮੋਹਾਲੀ, 26 ਨਵੰਬਰ (ਹਿ. ਸ.)। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਵਿਚ ਗਿਆਨ ਜੋਤੀ ਗਲੋਬਲ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸੇਵਾ ਭਾਵਨਾ ਵਿਚ ਲੀਨ ਹੋ ਕੇ ਸੇਵਾ ਕੀਤੀ। ਇਸ ਦੌਰਾਨ ਸਕੂਲ ਦੇ ਵਿਹੜੇ ਵਿਚ ਕੜਾਹ ਪ੍ਰਸ਼ਾਦ ਅਤੇ ਛੋਲਿਆਂ ਦਾ ਪ੍ਰਸ਼ਾਦ ਤਿਆਰ ਕਰਕੇ ਗਿਆਨ ਜੋਤੀ ਪਰਿਵਾਰ ਦੇ ਸਮੂਹ ਮੈਂਬਰਾਂ ਨੂੰ ਵੰਡਿਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਫਰੈਂਕੋ ਹੋਟਲ, ਫ਼ੇਜ਼2 ਮੋਹਾਲੀ ਨੇੜੇ ਸੰਗਤ ਨੂੰ ਲੰਗਰ ਪ੍ਰਸ਼ਾਦ ਵਰਤਾਇਆ, ਜਿੱਥੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਸੰਗਤਾਂ ਇਕੱਤਰ ਹੋਈਆਂ ਸਨ।
ਇਸ ਤੋਂ ਪਹਿਲਾਂ ਸਵੇਰੇ ਕੈਂਪਸ ਵਿਚ ਸਪੈਸ਼ਲ ਅਸੈਂਬਲੀ ਦਾ ਆਯੋਜਨ ਕਰਦੇ ਹੋਏ ਵਿਦਿਆਰਥੀਆਂ ਨੂੰ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜਾਣੂ ਕਰਵਾਉਂਦੇ ਹੋਏ ਬਾਬੇ ਨਾਨਕ ਦੇ ਦਿਖਾਏ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਗੁਰੁ ਨਾਨਕ ਦੇਵ ਜੀ ਦੇ ਪਵਨ ਗੁਰੁ ਪਾਨੀ ਪਿਤਾ, ਮਾਤਾ ਧਰਤ ਮਹਤ ਅਤੇ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਪਾਵਨ ਸ਼ਬਦਾਂ ਦੇ ਮਹੱਤਵ ਸਮਝਾਉਂਦੇ ਹੋਏ ਕੁਦਰਤ ਦੀ ਸੇਵਾ ਅਤੇ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਬਾਬੇ ਨਾਨਕ ਦੇ ਸ਼ਬਦ ਸੋ ਕਿਉਂ ਮੰਦਾ ਆਖੀਏ ਜਿੰਨ ਜੰਮੇ ਰਾਜਾਨ ਤਹਿਤ ਵਿਦਿਆਰਥੀਆਂ ਨੂੰ ਔਰਤਾਂ ਅਤੇ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਗਾਏ ਸ਼ਬਦ ”ਆਰ ਨਾਨਕ, ਪਾਰ ਨਾਨਕ” ਨੂੰ ਸੁਣਦੇ ਹੋਏ ਸਮੂਹ ਵਿਦਿਆਰਥੀ ਵਾਹਿਗੁਰੂ ਦੇ ਸਿਮਰਨ ਵਿਚ ਰੰਗੇ ਨਜ਼ਰ ਆਏ। ਸਮੂਹ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਪਾਠ ਕਰਦੇ ਹੋਏ ਗੁਰਬਾਣੀ ਦਾ ਗੁਣ ਗਾਇਨ ਕੀਤਾ।
ਪ੍ਰਿੰਸੀਪਲ ਗਿਆਨ ਜੋਤ ਨੇ ਗਿਆਨ ਜੋਤੀ ਨੇ ਸਮੂਹ ਵਿਦਿਆਰਥੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਗੁਰੁ ਨਾਨਕ ਦੇਵ ਜੀ ਦੀਆਂ ਦੱਸੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿਚ ਸਾਰਿਆਂ ਦੀ ਨਿਰਸਵਾਰਥ ਸੇਵਾ ਦੇ ਮੁੱਲ ਅਤੇ ਧਾਰਮਿਕਤਾ ਦੇ ਗੁਣ ਪੈਦਾ ਕੀਤੇ ਜਾਂਦੇ ਹਨ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
