ਚੰਡੀਗੜ੍ਹ, 28 ਨਵੰਬਰ (ਹਿ. ਸ.)। ਅੰਮ੍ਰਿਤਸਰ ਦੇ ਏਅਰਪੋਰਟ ਰੋਡ ਦੇ ਪਿੱਲਰਾਂ ਅਤੇ ਕੰਧਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਮਿਲੇ ਹਨ, ਜਿਸ ਦੀ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਜ਼ਿੰਮੇਵਾਰੀ ਲਈ ਹੈ। ਸਿੱਖ ਫਾਰ ਜਸਟਿਸ (ਐੱਸਐੱਫਜੇ) ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਏਅਰਪੋਰਟ ਰੋਡ ‘ਤੇ ਖਾਲਿਸਤਾਨੀ ਨਾਅਰੇ ਲਿਖਵਾਏ ਗਏ ਹਨ ਅਤੇ ਉੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਝੰਡੇ ਲਹਿਰਾਏ ਗਏ ਹਨ। ਇਹ ਨਾਅਰੇ ਅੰਮ੍ਰਿਤਸਰ ਭੰਡਾਰੀ ਪੁਲ ਨੇੜੇ ਐਕਸਟੈਂਸ਼ਨ ਕੋਲ ਲਿਖੇ ਗਏ ਹਨ। ਪੰਨੂ ਨੇ ਫਿਰ ਏਅਰ ਇੰਡੀਆ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਮੰਗਲਵਾਰ ਸਵੇਰੇ ਅੰਮ੍ਰਿਤਸਰ ਦੇ ਏਅਰਪੋਰਟ ਰੋਡ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਪਾਏ ਗਏ ਅਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਜ਼ਿੰਮੇਵਾਰੀ ਲੈਣ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਖਾਲਿਸਤਾਨ ਪੱਖੀ ਤੱਤਾਂ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਏਅਰ ਇੰਡੀਆ ਨੂੰ ਨਵੀਂ ਧਮਕੀ ਦਿੰਦੇ ਸੁਣਿਆ ਜਾ ਸਕਦਾ ਹੈ। ਪੰਨੂ ਨੇ ਦੁਹਰਾਇਆ ਕਿ ਸਿੱਖ ਭਾਈਚਾਰੇ ਨੂੰ ਏਅਰ ਇੰਡੀਆ ਰਾਹੀਂ ਯਾਤਰਾ ਨਹੀਂ ਕਰਨੀ ਚਾਹੀਦੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
