ਅੰਮ੍ਰਿਤਸਰ, 25 ਸਤੰਬਰ (ਹਿ. ਸ.)। ਅੰਮ੍ਰਿਤਸਰ ’ਚ ਐਤਵਾਰ ਰਾਤ 11 ਵਜੇ ਰਿਸ਼ਤੇਦਾਰਾਂ ਵਿਚਾਲੇ ਹੀ ਗੋਲੀਆਂ ਚਲ ਗਈਆਂ। ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇਕ ਰਿਸ਼ਤੇਦਾਰ ਨੇ ਦੂਜੇ ਰਿਸ਼ਤੇਦਾਰ ਅਤੇ ਉਸ ਦੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ। ਆਸਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਇੱਕ ਦੀ ਮੌਤ ਹੋ ਗਈ। ਝਗੜੇ ਅਤੇ ਗੋਲੀਬਾਰੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਘਟਨਾ ਅੰਮ੍ਰਿਤਸਰ ਦੇ ਤੇਜ ਨਗਰ ਚੌਂਕ ਦੀ ਹੈ। ਦੋਵੇਂ ਰਿਸ਼ਤੇਦਾਰ ਨੇੜੇ ਹੀ ਰਹਿੰਦੇ ਹਨ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਮੁਲਜ਼ਮ ਸੰਧੂ ਬਿਲਡਿੰਗ ਮਟੀਰੀਅਲ ਦੇ ਮਾਲਕ ਹਰਜੀਤ ਸਿੰਘ ਸੰਧੂ ਦੇ ਲੜਕੇ ਨਵਜੋਤ ਸਿੰਘ ਨਾਲ ਕੀਤਾ ਸੀ। ਦੋਵਾਂ ਪਰਿਵਾਰਾਂ ਵਿੱਚ ਕੋਈ ਝਗੜਾ ਨਹੀਂ ਸੀ। ਦੋਵੇਂ ਪਰਿਵਾਰ ਇੱਕ ਦੂਜੇ ਨੂੰ ਮਿਲਦੇ-ਜੁਲਦੇ ਸਨ।ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਮ੍ਰਿਤਕ ਦਲਜੀਤ ਅਤੇ ਹਰਜੀਤ ਵਿਚਕਾਰ ਲੜਾਈ ਹੋ ਗਈ। ਕੋਈ ਨਹੀਂ ਜਾਣਦਾ ਕਿ ਲੜਾਈ ਕਿਸ ਗੱਲ ਨੂੰ ਲੈ ਕੇ ਹੋਈ। ਇਸ ਦੌਰਾਨ ਹਰਜੀਤ ਸਿੰਘ ਨੇ ਆਪਣਾ ਰਿਵਾਲਵਰ ਕੱਢ ਕੇ ਆਪਣੇ ਰਿਸ਼ਤੇਦਾਰ ਦਲਜੀਤ ਸਿੰਘ ਅਤੇ ਉਸ ਦੇ 18 ਸਾਲਾ ਲੜਕੇ ਗੁਰਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ। ਜਾਂਚ ਲਈ ਪਹੁੰਚੀ ਐਸਐਚਓ ਅਮਨਦੀਪ ਕੌਰ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਅਤੇ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
ਹਿੰਦੂਸਥਾਨ ਸਮਾਚਾਰ/
