ਹਲਦਵਾਨੀ, 13 ਨਵੰਬਰ (ਹਿ.ਸ.)। ਉੱਤਰਾਖੰਡ ਦੇ ਹਲਦਵਾਨੀ ‘ਚ ਆਨੰਦਪੁਰੀ ਨਵਾਵੀ ਰੋਡ ‘ਤੇ ਸਥਿਤ ਕੁਮਾਉਂ ਟੈਂਟ ਹਾਊਸ ਦੇ ਗੋਦਾਮ ‘ਚ ਦਿਵਾਲੀ ਦੀ ਰਾਤ ਨੂੰ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਤਿੰਨੋਂ ਇੱਥੇ ਕਰਮਚਾਰੀ ਦੱਸੇ ਜਾ ਰਹੇ ਹਨ। ਉਹ ਗੋਦਾਮ ਵਿੱਚ ਸੁੱਤੇ ਪਏ ਸੀ। ਅੱਗ ਨਾਲ ਗੋਦਾਮ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਗੱਲ ਦੀ ਪੁਸ਼ਟੀ ਐੱਸ. ਪੀ. ਸਿਟੀ ਹਰਬੰਸ ਸਿੰਘ ਨੇ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਤ ਕਰੀਬ 12 ਵਜੇ ਵਾਪਰੀ। ਹਲਦਵਾਨੀ ਅਤੇ ਰਾਮਨਗਰ ਤੋਂ ਪਹੁੰਚੀਆਂ 22 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਰੀਬ 3 ਵਜੇ ਅੱਗ ‘ਤੇ ਕਾਬੂ ਪਾਇਆ। ਤਿੰਨੋਂ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ। ਇਸ ਲਈ ਉਨ੍ਹਾਂ ਦੀ ਪਛਾਣ ਕਰਨ ’ਚ ਮੁਸ਼ਕਲ ਆ ਰਹੀ ਹੈ।
ਪੁਲਿਸ ਅਨੁਸਾਰ ਲੇਖਾਕਾਰ ਖੀਮ ਸਿੰਘ ਨੇ ਦੱਸਿਆ ਹੈ ਕਿ ਇਹ ਟੈਂਟ ਹਾਊਸ ਪੁਸ਼ਪਾ ਹਦੀਆ ਹਲਦਵਾਨੀ ਦੇ ਨਾਮ ’ਤੇ ਰਜਿਸਟਰਡ ਹੈ। ਇਸ ਦੀ ਦੇਖ-ਭਾਲ ਉਨ੍ਹਾਂ ਦਾ ਪੁੱਤਰ ਗਿਰੀਸ਼ ਚੰਦਰ ਹੈੜੀਆ ਕਰਦਾ ਹੈ। ਇੱਥੇ ਕੁੱਲ ਛੇ ਕਰਮਚਾਰੀ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਸੁਮੇਤ ਵਾਸੀ ਮੁਹੰਮਦੀ ਖੀਰੀ ਉੱਤਰ ਪ੍ਰਦੇਸ਼, ਗੁੱਡੂ ਉਰਫ਼ ਲਾਲਤਾ ਪ੍ਰਸਾਦ ਵਾਸੀ ਧਖੀਆਂ, ਬਜੁਰਗ ਖੀਰੀ ਉੱਤਰ ਪ੍ਰਦੇਸ਼ ਅਤੇ ਨੀਰਜ ਕੁਮਾਰ ਵਾਸੀ ਥਖੀਆਂ ਬਜੁਰਗ ਨੀਮਗੜ੍ਹ, ਉੱਤਰ ਪ੍ਰਦੇਸ਼ ਸ਼ਾਮਲ ਹਨ।
ਟੈਂਟ ਹਾਊਸ ਦੇ ਲੇਖਾਕਾਰ ਖੀਮ ਸਿੰਘ ਦਾ ਕਹਿਣਾ ਹੈ ਕਿ ਰੋਹਿਤ ਪੁਰੀ (25) ਵਾਸੀ ਪਿੰਡ ਮੋਹਾਣਾ ਪਿੰਡ ਥਾਲੀ ਨਤੋਲਾ ਧਾਰੀ, ਨੈਨੀਤਾਲ, ਰਵਿੰਦਰ ਕੁਮਾਰ (31) ਵਾਸੀ ਗਾਂਧੀਨਗਰ, ਮਾਲਧਨ ਚੌੜ ਰਾਮਨਗਰ ਅਤੇ ਕ੍ਰਿਸ਼ਨ ਵਾਸੀ ਮਾਲਧਨ ਚੌੜ ਰਾਮਨਗਰ ਲਾਪਤਾ ਹਨ। ਇਹ ਉਹ ਤਿੰਨ ਵਿਅਕਤੀ ਹੋ ਸਕਦੇ ਹਨ ਜਿਨ੍ਹਾਂ ਦੀ ਗੋਦਾਮ ਵਿੱਚ ਅੱਗ ਲੱਗਣ ਕਾਰਨ ਮੌਤ ਹੋਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
