ਅਯੁੱਧਿਆਧਾਮ, 24 ਜਨਵਰੀ (ਹਿ.ਸ.)। ਸ੍ਰੀ ਰਾਮ ਲੱਲਾ ਦੀ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸ੍ਰੀ ਰਾਮ ਜਨਮ ਭੂਮੀ ਮੰਦਰ ਦੇ ਆਲੇ-ਦੁਆਲੇ ਆਸਥਾ ਦਾ ਜਨ ਸੈਲਾਬ ਹੈ। ਸ੍ਰੀ ਰਾਮ ਜਨਮ ਭੂਮੀ ਮੰਦਰ 23 ਜਨਵਰੀ ਤੋਂ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਅੱਜ ਸਵੇਰੇ 7 ਵਜੇ ਤੋਂ ਹੀ ਹਜ਼ਾਰਾਂ ਲੋਕਾਂ ਨੇ ਸ੍ਰੀ ਰਾਮਲਲਾ ਦੇ ਦਰਸ਼ਨ ਕੀਤੇ। ਪਹਿਲੇ ਦਿਨ ਪੰਜ ਲੱਖ ਤੋਂ ਵੱਧ ਸ਼ਰਧਾਲੂ ਸ੍ਰੀ ਰਾਮ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਪੁੱਜੇ। ਭੀੜ ਨੂੰ ਦੇਖਦੇ ਹੋਏ ਹਨੂੰਮਾਨ ਗੜ੍ਹੀ ਮੰਦਰ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਅੱਜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਆਪਣੇ ਪਰਿਵਾਰ ਸਮੇਤ ਦਰਸ਼ਨਾਂ ਲਈ ਪਹੁੰਚਣ ਦੀ ਸੰਭਾਵਨਾ ਹੈ।
ਇਸ ਦੌਰਾਨ ਸ੍ਰੀ ਰਾਮ ਭਗਤਾਂ ਦੀ ਵੱਧਦੀ ਭੀੜ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਭੀੜ ਕੰਟਰੋਲ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਯੁੱਧਿਆਧਾਮ ਪਹੁੰਚਣਾ ਪਿਆ। ਉਨ੍ਹਾਂ ਨੇ ਹਵਾਈ ਸਰਵੇਖਣ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੁਰੱਖਿਆ ਪ੍ਰਬੰਧਾਂ ‘ਤੇ ਆਰਏਐੱਫ ਦੇ ਡਿਪਟੀ ਕਮਾਂਡੈਂਟ ਅਰੁਣ ਕੁਮਾਰ ਤਿਵਾਰੀ ਦਾ ਕਹਿਣਾ ਹੈ, ਕੱਲ੍ਹ ਲੋਕਾਂ ਨੂੰ ਜੋ ਸਮੱਸਿਆਵਾਂ ਆਈਆਂ, ਅੱਜ ਅਸੀਂ ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਕਰੀਬ 1000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹ ਤਾਇਨਾਤੀ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।
ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਵੀ ਅੱਜ ਅਯੁੱਧਿਆਧਾਮ ਪਹੁੰਚਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਸ੍ਰੀ ਰਾਮ ਜਨਮ ਭੂਮੀ ਮੰਦਰ ‘ਚ ਸ੍ਰੀ ਰਾਮ ਲੱਲਾ ਦੇ ਦਰਸ਼ਨ ਕਰਨਗੇ। ਨੱਡਾ ਦੀ ਆਮਦ ਦੇ ਮੱਦੇਨਜ਼ਰ ਭਾਜਪਾ ਦੀ ਸੂਬਾ ਇਕਾਈ ਦੇ ਉੱਚ ਅਹੁਦੇਦਾਰ ਕੱਲ੍ਹ ਹੀ ਸ੍ਰੀਰਾਮਨਗਰੀ ਪਹੁੰਚ ਗਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
