ਉੱਤਰਕਾਸ਼ੀ, 24 ਨਵੰਬਰ (ਹਿ.ਸ.)। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲੇ ‘ਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਸ਼ੁਰੂ ਕੀਤੀ ਗਈ ਬਚਾਅ ਮੁਹਿੰਮ ਦੌਰਾਨ ਆਈ ਰੁਕਾਵਟ ਰਾਤ ਨੂੰ ਕਾਫੀ ਹੱਦ ਤੱਕ ਹੱਲ ਹੋ ਗਈ ਹੈ। ਇਸ ਦੌਰਾਨ ਅੱਜ ਸਵੇਰੇ ਕੇਂਦਰੀ ਮੰਤਰੀ ਜਨਰਲ ਵੀ. ਕੇ. ਸਿੰਘ (ਸੇਵਾਮੁਕਤ) ਸੁਰੰਗ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਬਚਾਅ ਕਾਰਜ ਦਾ ਜਾਇਜ਼ਾ ਲਿਆ।
ਇਸ ਮੁਹਿੰਮ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਬਕਾ ਸਲਾਹਕਾਰ ਅਤੇ ਉੱਤਰਾਖੰਡ ਸਰਕਾਰ ਦੇ ਸੈਰ-ਸਪਾਟਾ ਵਿਭਾਗ ਦੇ ਵਿਸ਼ੇਸ਼ ਅਧਿਕਾਰੀ ਭਾਸਕਰ ਖੁਲਬੇ ਨੇ ਅੱਜ ਸਵੇਰੇ ਦੱਸਿਆ ਕਿ ਹੁਣ ਸਥਿਤੀ ਕਾਫੀ ਠੀਕ ਹੈ। ਰਾਤ ਨੂੰ ਅਸੀਂ ਦੋ ਚੀਜ਼ਾਂ ‘ਤੇ ਕੰਮ ਕਰਨਾ ਸੀ। ਸਭ ਤੋਂ ਪਹਿਲਾਂ, ਅਸੀਂ ਮਸ਼ੀਨ ਦੇ ਪਲੇਟਫਾਰਮ ਦਾ ਪੁਨਰਗਠਨ ਕੀਤਾ। ਇਸ ਤੋਂ ਬਾਅਦ ਪਾਈਪ ‘ਤੇ ਜੋ ਵੀ ਥੋੜ੍ਹਾ ਦਬਾਅ ਸੀ, ਉਸ ਨੂੰ ਕੱਟਣਾ ਸੀ। ਇਸ ਸਮੇਂ ਇਹੀ ਕੰਮ ਹੋ ਰਿਹਾ ਹੈ। ਇਸ ਦੇ ਮੁਕੰਮਲ ਹੋਣ ਤੋਂ ਬਾਅਦ, ਔਗਰ ਡ੍ਰਿਲਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਾਰਸਨ ਕੰਪਨੀ ਨੇ ਗਰਾਊਂਡ ਪੈਨੇਟ੍ਰੇਸ਼ਨ ਰਡਾਰ ਨਾਲ ਅਧਿਐਨ ਕੀਤਾ ਹੈ। ਇਸ ਤੋਂ ਪਤਾ ਲੱਗਾ ਕਿ ਸੁਰੰਗ ਵਿੱਚ ਅਗਲੇ ਪੰਜ ਮੀਟਰ ਤੱਕ ਕੋਈ ਧਾਤ ਦੀ ਰੁਕਾਵਟ ਨਹੀਂ ਹੈ। ਇਸਦਾ ਮਤਲਬ ਹੈ ਕਿ ਡ੍ਰਿਲਿੰਗ ਨਿਰਵਿਘਨ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਚਾਰਧਾਮ ਮਾਰਗ ‘ਤੇ ਨਿਰਮਾਣ ਅਧੀਨ ਇਸ ਸੁਰੰਗ ਦਾ ਇਕ ਹਿੱਸਾ ਡਿੱਗਣ ਤੋਂ ਬਾਅਦ 12 ਨਵੰਬਰ ਤੋਂ ਵੱਖ-ਵੱਖ ਏਜੰਸੀਆਂ ਦੇ ਤਾਲਮੇਲ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
