ਕੋਲਕਾਤਾ, 16 ਅਕਤੂਬਰ (ਹਿ. ਸ.)। ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਬਹੁਚਰਚਿਤ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਮੁਸ਼ਕਿਲ ਵਧ ਸਕਦੀ ਹੈ। ਐਤਵਾਰ ਨੂੰ ਮਹੂਆ ਖਿਲਾਫ ਦੋ ਪੱਤਰ ਲਿਖੇ ਗਏੇ ਹਨ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਸਪੀਕਰ ਅਤੇ ਵਕੀਲ ਅਨੰਤ ਦੇਹਾਦੜੀ ਨੇ ਡਾਇਰੈਕਟਰ ਸੀਬੀਆਈ ਨੂੰ ਪੱਤਰ ਭੇਜਿਆ ਹੈ।
ਇਨ੍ਹਾਂ ’ਚ ਦੋਸ਼ ਲਗਾਇਆ ਗਿਆ ਹੈ ਕਿ ਮਹੂਆ ਮੋਇਤਰਾ ਨੇ ਦੇਸ਼ ਦੇ ਮਸ਼ਹੂਰ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਤੋਂ ਕਰੋੜਾਂ ਰੁਪਏ ਲਏ ਅਤੇ ਲੋਕ ਸਭਾ ‘ਚ ਅਡਾਨੀ ਗਰੁੱਪ ਖਿਲਾਫ ਸਵਾਲ ਪੁੱਛੇ। ਮਹੂਆ ਮੋਇਤਰਾ ਖ਼ਿਲਾਫ਼ ਸੀਬੀਆਈ ਤੋਂ ਤੁਰੰਤ ਜਾਂਚ ਦੀ ਮੰਗ ਕੀਤੀ ਗਈ ਹੈ। ਲੋਕ ਸਭਾ ਸਪੀਕਰ ਨੂੰ ਭੇਜੇ ਪੱਤਰ ਵਿੱਚ ਮਹੂਆ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਪੱਤਰਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਅਡਾਨੀ ਗਰੁੱਪ ਖਿਲਾਫ ਬੇਬੁਨਿਆਦ ਬਿਆਨ ਦੇਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਘਟਨਾ ਨਾਲ ਜੋੜਿਆ ਗਿਆ ਤਾਂ ਜੋ ਉਦਯੋਗਪਤੀ ਨੂੰ ਬਦਨਾਮ ਕੀਤਾ ਜਾ ਸਕੇ।
ਸੀਬੀਆਈ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਪੱਤਰ ਮਿਲ ਗਿਆ ਹੈ। ਸਬੰਧਤ ਤੱਥਾਂ ਦੀ ਘੋਖ ਕੀਤੀ ਜਾ ਰਹੀ ਹੈ। ਪੱਤਰ ਵਿੱਚ ਕਈ ਹੋਰ ਦਸਤਾਵੇਜ਼ ਵੀ ਸ਼ਾਮਲ ਹਨ। ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਬਾਰੇ ਮਹੂਆ ਮੋਇਤਰਾ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਅਡਾਨੀ ਗਰੁੱਪ ਅਤੇ ਭਾਜਪਾ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚ ਰਹੇ ਹਨ।
ਜ਼ਿਕਰਯੋਗ ਹੈ ਕਿ ਨਿਸ਼ੀਕਾਂਤ ਦੂਬੇ ਨੇ ਪੱਤਰ ‘ਚ ਜ਼ਿਕਰ ਕੀਤਾ ਹੈ ਕਿ 12 ਦਸੰਬਰ 2005 ਨੂੰ 14ਵੀਂ ਲੋਕ ਸਭਾ ਦੌਰਾਨ ਰਿਸ਼ਵਤ ਲੈਣ ਅਤੇ ਲੋਕ ਸਭਾ ‘ਚ ਸਵਾਲ ਉਠਾਉਣ ਦੇ ਅਜਿਹੇ ਹੀ ਦੋਸ਼ ਲੱਗੇ ਸਨ। ਉਦੋਂ ਤਤਕਾਲੀ ਚੇਅਰਮੈਨ ਨੇ ਜਾਂਚ ਕਮੇਟੀ ਬਣਾਈ ਸੀ। ਜਾਂਚ ਸ਼ੁਰੂ ਹੋਣ ਦੇ ਸਿਰਫ਼ 23 ਦਿਨਾਂ ਦੇ ਅੰਦਰ ਹੀ ਲੋਕ ਸਭਾ ਦੇ 10 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸੇ ਤਰਜ਼ ‘ਤੇ ਮਹੂਆ ਮੋਇਤਰਾ ਖਿਲਾਫ ਜਾਂਚ ਸ਼ੁਰੂ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
