ਨਵੀਂ ਦਿੱਲੀ, 28 ਸਤੰਬਰ (ਹਿ. ਸ.)। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਿਲਾਦ-ਉਨ-ਨਬੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਦਿਆਲਤਾ ਦੀ ਭਾਵਨਾ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਟਵਿੱਟਰ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਮਿਲਦ-ਉਨ-ਨਬੀ ਦੇ ਸ਼ੁਭ ਮੌਕੇ ’ਤੇ, ਮੈਂ ਸਾਰੇ ਦੇਸ਼ਵਾਸੀਆਂ, ਖਾਸ ਤੌਰ ’ਤੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਵਧਾਈ ਦਿੰਦੀ ਹਾਂ। ਅੱਜ ਪੈਗੰਬਰ ਮੁਹੰਮਦ (ਸ.) ਦੇ ਜਨਮ ਦਿਨ ’ਤੇ ਆਪਾਂ ਸਾਰੇ ਸਦਭਾਵਨਾ ਅਤੇ ਭਾਈਚਾਰੇ ਨਾਲ ਅੱਗੇ ਵਧਣ ਅਤੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦਾ ਸੰਕਲਪ ਕਰੀਏ।’’
ਟਵਿੱਟਰ ’ਤੇ ਇੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ, ‘‘ਪੈਗੰਬਰ ਹਜ਼ਰਤ ਮੁਹੰਮਦ ਦੇ ਜਨਮ ਦਿਨ ਦੀ ਯਾਦ ਵਿੱਚ ਮਿਲਦ-ਉਨ-ਨਬੀ ਦੇ ਸ਼ੁਭ ਮੌਕੇ ’ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਪੈਗੰਬਰ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਦਇਆ, ਸਹਿਣਸ਼ੀਲਤਾ ਅਤੇ ਆਪਸੀ ਭਾਈਚਾਰੇ ਦੀ ਜਿਉਂਦੀ ਜਾਗਦੀ ਮਿਸਾਲ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸ਼ਾਂਤੀ, ਨਿਆਂ ਅਤੇ ਸਦਭਾਵਨਾ ਵਾਲੇ ਸਮਾਜ ਦੇ ਨਿਰਮਾਣ ਵਿੱਚ ਸਾਡੀ ਅਗਵਾਈ ਕਰਦੀਆਂ ਰਹਿਣ, ਇਹ ਮੰਗਲ ਕਾਮਨਾ ਹੈ!”
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ’ਤੇ ਲਿਖਿਆ; “ਮਿਲਦ-ਉਨ-ਨਬੀ ਦੀਆਂ ਵਧਾਈਆਂ। ਸਾਡੇ ਸਮਾਜ ਵਿੱਚ ਭਾਈਚਾਰੇ ਅਤੇ ਦਿਆਲਤਾ ਦੀ ਭਾਵਨਾ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਹਰ ਕੋਈ ਖੁਸ਼ ਅਤੇ ਤੰਦਰੁਸਤ ਰਹੇ। ਈਦ ਮੁਬਾਰਕ!’’
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
