ਚੇਨਈ, 13 ਜਨਵਰੀ (ਹਿ.ਸ.)। ਤਾਮਿਲਨਾਡੂ ਦੇ ਕਾਂਚੀਪੁਰਮ ਸਥਿਤ ਕਾਂਚੀ ਕਾਮਾਕੋਟੀ ਮੱਠ ਦੇ ਸ਼ੰਕਰਾਚਾਰੀਆ ਨੇ ਐਲਾਨ ਕੀਤਾ ਹੈ ਕਿ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ‘ਤੇ ਕਾਸ਼ੀ ਦੀ ਯੱਗਸ਼ਾਲਾ ‘ਚ 40 ਦਿਨਾਂ ਦੀ ਵਿਸ਼ੇਸ਼ ਪੂਜਾ ਦਾ ਆਯੋਜਨ ਕੀਤਾ ਜਾਵੇਗਾ। 22 ਜਨਵਰੀ ਦੇ ਪ੍ਰੋਗਰਾਮ ਨਾਲ ਇਹ ਪੂਜਾ ਸ਼ੁਰੂ ਹੋਵੇਗੀ ਅਤੇ ਅਗਲੇ 40 ਦਿਨਾਂ ਤੱਕ ਜਾਰੀ ਰਹੇਗੀ।
ਤਾਮਿਲਨਾਡੂ ਦੇ ਕਾਂਚੀਪੁਰਮ ਵਿੱਚ ਕਾਂਚੀ ਕਾਮਾਕੋਟੀ ਮੱਠ ਦੇ ਸ਼ੰਕਰਾਚਾਰੀਆ ਵਿਜੇੇਂਦਰ ਸਾਰਸਵਤ ਸਵਾਮੀਗਲ ਨੇ ਦੱਸਿਆ ਕਿ ‘‘ਅਯੁੱਧਿਆ ਵਿੱਚ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਇਸ ਮੌਕੇ ਕਾਸ਼ੀ ਵਿੱਚ ਸਾਡੀ ਯੱਗਸ਼ਾਲਾ ਵਿੱਚ 40 ਦਿਨਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾਵੇਗੀ, ਜਿਸ ਦੀ ਸ਼ੁਰੂਆਤ ਰਾਮ ਮੰਦਰ ਪ੍ਰੋਗਰਾਮ ਨਾਲ ਹੋਵੇਗੀ। ਪੂਜਾ ਵੈਦਿਕ ਵਿਦਵਾਨਾਂ ਦੇ ਮਾਰਗਦਰਸ਼ਨ ਹੇਠ ਹੋਵੇਗੀ। ਇਸ ਦੌਰਾਨ 100 ਤੋਂ ਵੱਧ ਪੁਜਾਰੀ ਪੂਜਾ ਅਤੇ ਹਵਨ ਕਰਨਗੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਭਰ ਵਿੱਚ ਤੀਰਥ ਸਥਾਨਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਕੇਦਾਰਨਾਥ ਅਤੇ ਕਾਸ਼ੀ ਵਿਸ਼ਵਨਾਥ ਮੰਦਰਾਂ ਦਾ ਵਿਸਥਾਰ ਹੋਇਆ ਹੈ।
ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀਆਂ ਤਿਆਰੀਆਂ ਦੇਸ਼ ਭਰ ‘ਚ ਵੱਡੇ ਪੱਧਰ ‘ਤੇ ਹੋ ਰਹੀਆਂ ਹਨ। ਇਸ ਦੌਰਾਨ ਵਿਰੋਧੀ ਧਿਰ ਨੇ ਦਾਅਵਾ ਕੀਤਾ ਸੀ ਕਿ ਚਾਰੇ ਪੀਠਾਂ ਦੇ ਸ਼ੰਕਰਾਚਾਰੀਆ ਪ੍ਰੋਗਰਾਮ ਦਾ ਬਾਈਕਾਟ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
