ਰਾਜਗੜ੍ਹ, 06 ਦਸੰਬਰ (ਹਿ. ਸ.)। ਮੱਧ ਪ੍ਰਦੇਸ਼ ਵਿੱਚ ਖੁੱਲ੍ਹੇ ਬੋਰਵੈੱਲ ਦੇ ਟੋਏ ਨੇ ਇੱਕ ਹੋਰ ਮਾਸੂਮ ਦੀ ਜਾਨ ਲੈ ਲਈ। ਰਾਜਗੜ੍ਹ ਜ਼ਿਲੇ ’ਚ ਮੰਗਲਵਾਰ ਸ਼ਾਮ ਨੂੰ ਖੇਡਦੇ ਹੋਏ ਬੋਰਵੈੱਲ ਦੇ ਟੋਏ ’ਚ ਡਿੱਗੀ ਪੰਜ ਸਾਲਾ ਬੱਚੀ ਨੂੰ ਕਰੀਬ 9 ਘੰਟੇ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਬੱਚੀ ਦੀ ਜਾਨ ਨਹੀਂ ਬਚਾਈ ਜਾ ਸਕੀ। ਐਨ. ਡੀ. ਆਰ. ਐਫ. ਅਤੇ ਐਸ. ਡੀ. ਆਰ. ਐਫ. ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੜਾਕੇ ਦੀ ਠੰਢ ਵਿੱਚ ਰਾਤ ਭਰ ਬਚਾਅ ਮੁਹਿੰਮ ਚਲਾਈ ਅਤੇ ਬੱਚੀ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ।
ਬੋੜਾ ਥਾਣੇ ਅਨੁਸਾਰ ਪਿੰਡ ਪੱਤੜੀਆ ਧਾਕੜ ਵਾਸੀ ਰਵੀ ਭੀਲਾ ਦੀ ਪੰਜ ਸਾਲਾ ਪੁੱਤਰੀ ਮਾਹੀ ਪਿੰਡ ਪਿੱਪਲੀਆ ਰਸੋਦਾ ਵਿਖੇ ਆਪਣੇ ਮਾਮੇ ਦੇ ਘਰ ਆਈ ਹੋਈ ਸੀ। ਬੱਚੀ ਦੇ ਨਾਨੇ ਇੰਦਰ ਭੀਲਾ ਦੇ ਖੇਤ ਵਿੱਚ ਬੋਰਵੈੱਲ ਦਾ ਟੋਆ ਹੈ। ਮੰਗਲਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਲੜਕੀ ਖੇਡਦੀ ਹੋਈ ਬੋਰਵੈੱਲ ਦੇ ਖੁੱਲ੍ਹੇ ਟੋਏ ਕੋਲ ਪਹੁੰਚੀ ਅਤੇ ਉਸ ਵਿੱਚ ਡਿੱਗ ਗਈ। ਪਰਿਵਾਰਕ ਮੈਂਬਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਬੋੜਾ ਥਾਣਾ ਇੰਚਾਰਜ ਰਾਮਕੁਮਾਰ ਭਗਤ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਐਸ. ਡੀ. ਆਰ. ਅੇਫ., ਐਨ. ਡੀ. ਅਾਰ. ਐਫ. ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਬੱਚੀ ਨੂੰ ਆਕਸੀਜਨ ਦੇਣ ਲਈ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਪਾਈਪ ਰਾਹੀਂ ਬੱਚੀ ਨੂੰ ਆਕਸੀਜਨ ਸਪਲਾਈ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਰਾਜਗੜ੍ਹ ਕਲੈਕਟਰ ਹਰਸ਼ ਦੀਕਸ਼ਿਤ ਅਤੇ ਐੱਸਪੀ ਧਰਮਰਾਜ ਮੀਨਾ ਘਟਨਾ ਵਾਲੀ ਥਾਂ ’ਤੇ ਪਹੁੰਚੇ। ਦੂਜੇ ਪਾਸੇ ਨਰਸਿੰਘਗੜ੍ਹ ਦੇ ਵਿਧਾਇਕ ਮੋਹਨ ਸ਼ਰਮਾ ਵੀ ਉੱਥੇ ਪਹੁੰਚ ਗਏ ਸਨ।
ਭੋਪਾਲ ਅਤੇ ਰਾਜਗੜ੍ਹ ਤੋਂ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਲਗਭਗ 9 ਘੰਟੇ ਤੱਕ ਬਚਾਅ ਕਾਰਜ ਚਲਾਇਆ ਅਤੇ ਬੁੱਧਵਾਰ ਤੜਕੇ 3.30 ਵਜੇ ਲੜਕੀ ਨੂੰ ਬੋਰਵੈਲ ਦੇ ਟੋਏ ਵਿੱਚੋਂ ਬਾਹਰ ਕੱਢਿਆ। ਕੁਲੈਕਟਰ ਹਰਸ਼ ਦੀਕਸ਼ਿਤ ਨੇ ਦੱਸਿਆ ਕਿ ਲੜਕੀ 17 ਫੁੱਟ ਡੂੰਘੇ ਬੋਰਵੈੱਲ ਟੋਏ ’ਚ ਫਸ ਗਈ ਸੀ। ਉਸ ਨੂੰ ਬਾਹਰ ਬਚਾਉਣ ਲਈ, ਪੋਕਲੇਨ-ਜੇਸੀਬੀ ਮਸ਼ੀਨਾਂ ਦੀ ਵਰਤੋਂ ਕਰਕੇ ਬੋਰਵੈੱਲ ਦੇ ਸਮਾਨਾਂਤਰ 20 ਫੁੱਟ ਟੋਆ ਪੁੱਟਿਆ ਗਿਆ। ਇਸ ਤੋਂ ਬਾਅਦ ਸੁਰੰਗ ਬਣਾ ਕੇ ਲੜਕੀ ਨੂੰ ਬਾਹਰ ਕੱਢਿਆ ਗਿਆ। ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਸਿੱਧੇ ਪਾਚੋਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਗੰਭੀਰ ਹਾਲਤ ’ਚ ਤੁਰੰਤ ਭੋਪਾਲ ਦੇ ਹਮੀਦੀਆ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
