
ਭੋਪਾਲ, 28 ਦਸੰਬਰ (ਹਿ. ਸ.)। ਮੱਧ ਪ੍ਰਦੇਸ਼ ਦੇ ਬਜਰੰਗਗੜ੍ਹ ਥਾਣਾ ਖੇਤਰ ‘ਚ ਗੁਨਾ ਤੋਂ ਆਰੋਨ ਜਾ ਰਹੀ ਇਕ ਯਾਤਰੀ ਬੱਸ ਨੂੰ ਬੁੱਧਵਾਰ ਦੇਰ ਰਾਤ ਦੋਹਾਈ ਮੰਦਰ ਨੇੜੇ ਡੰਪਰ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ‘ਚ ਪੂਰੀ ਬੱਸ ਸੜ ਕੇ ਸੁਆਹ ਹੋ ਗਈ। ਕਈ ਯਾਤਰੀਆਂ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਦਕਿ ਕਈ ਬੱਸ ਦੇ ਨਾਲ ਜ਼ਿੰਦਾ ਸੜ ਗਏ। ਬੱਸ ਵਿੱਚੋਂ 12 ਸੜੀਆਂ ਹੋਈਆਂ ਲਾਸ਼ਾਂ ਕੱਢੀਆਂ ਗਈਆਂ ਹਨ। ਇਸ ਦੇ ਨਾਲ ਹੀ ਕਰੀਬ 15 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ।
ਜਾਣਕਾਰੀ ਮੁਤਾਬਕ ਸੀਕਰਵਾਰ ਟਰੈਵਲਜ਼ ਦੀ ਬੱਸ ਬੁੱਧਵਾਰ ਰਾਤ 8 ਵਜੇ ਗੁਨਾ ਤੋਂ ਆਰੋਨ ਜਾ ਰਹੀ ਸੀ। 32 ਸੀਟਰ ਬੱਸ ਵਿੱਚ 30-40 ਸਵਾਰੀਆਂ ਸਨ। ਇਹ ਹਾਦਸਾ ਬੀਤੀ ਰਾਤ ਕਰੀਬ 8.30 ਵਜੇ ਆਰੋਨ ਰੋਡ ‘ਤੇ ਬਜਰੰਗਗੜ੍ਹ ਦੇ ਦੁਹਾਈ ਮੰਦਿਰ ਨੇੜੇ ਵਾਪਰਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਅਤੇ ਡੰਪਰ ਦੀ ਟੱਕਰ ਤੋਂ ਬਾਅਦ ਬੱਸ ਪਲਟ ਗਈ ਅਤੇ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੁਝ ਸਵਾਰੀਆਂ ਨੇ ਛਾਲ ਮਾਰ ਕੇ ਬਾਕੀ ਸਵਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬੱਸ ਦੇ ਅੰਦਰ ਫਸੇ ਲੋਕ ਵੀ ਅੱਗ ਦੀ ਲਪੇਟ ਵਿੱਚ ਆ ਗਏ।
ਘਟਨਾ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ। ਕਈ ਯਾਤਰੀਆਂ ਨੇ ਬੱਸ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਕੁਝ ਦੇਰ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਪਰ ਉਦੋਂ ਤੱਕ ਬੱਸ ਭਿਆਨਕ ਅੱਗ ਦੀ ਲਪੇਟ ‘ਚ ਆ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲਿਸ ਨੇ ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਬੱਸ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਬੱਸ ਦੇ ਅੰਦਰ ਫਸੇ ਲੋਕਾਂ ਨੂੰ ਕੱਢਣ ਲਈ ਕੋਈ ਨਹੀਂ ਜਾ ਸਕਿਆ।
ਸੂਚਨਾ ਮਿਲਦੇ ਹੀ ਗੁਨਾ ਕਲੈਕਟਰ ਤਰੁਣ ਰਾਠੀ ਅਤੇ ਪੁਲਿਸ ਸੁਪਰਡੈਂਟ ਵਿਜੇ ਖੱਤਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਅਤੇ ਹੋਰ ਵਾਹਨਾਂ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ। ਪੁਲਿਸ ਸੁਪਰਡੈਂਟ ਵਿਜੇ ਖੱਤਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 8.30 ਵਜੇ ਬਜਰੰਗਗੜ੍ਹ ਥਾਣਾ ਖੇਤਰ ‘ਚ ਇਕ ਬੱਸ ‘ਚ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ‘ਚ ਕਈ ਲੋਕ ਗੰਭੀਰ ਰੂਪ ‘ਚ ਝੁਲਸ ਗਏ। ਬੱਸ ਵਿੱਚ ਸਵਾਰ 15 ਲੋਕਾਂ ਨੂੰ ਗੰਭੀਰ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਬੱਸ ‘ਚ ਫਸੇ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਿਨ੍ਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਇਆ ਗਿਆ ਹੈ। ਅੱਗ ਨਾਲ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
