ਚੰਡੀਗੜ੍ਹ, 27 ਸਤੰਬਰ (ਹਿ. ਸ.)। ਪੰਜਾਬ ਦੇ ਕੁਰਾਲੀ ਦੇ ਸਨਅਤੀ ਖੇਤਰ ’ਚ ਬੁੱਧਵਾਰ ਨੂੰ ਇਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਕਾਰਨ 8 ਲੋਕ ਗੰਭੀਰ ਰੂਪ ’ਚ ਝੁਸਲ ਗਏ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਪੰਜ ਹੋਰਾਂ ਨੂੰ ਕੁਰਾਲੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਤੋਂ ਫੈਕਟਰੀ ਵਿੱਚ ਲਗਾਤਾਰ ਧਮਾਕੇ ਹੋ ਰਹੇ ਹਨ ਪਰ ਫਾਇਰ ਵਿਭਾਗ ਦੇ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪੁਲਿਸ ਅਨੁਸਾਰ ਦੁਪਹਿਰ ਕਰੀਬ 1.30 ਵਜੇ ਜਦੋਂ ਸਾਰੇ ਮੁਲਾਜ਼ਮ ਦੁਪਹਿਰ ਦੇ ਖਾਣੇ ਦੀ ਬਰੇਕ ’ਤੇ ਕੁਰਾਲੀ ਸਥਿਤ ਕੈਮੀਕਲ ਫੈਕਟਰੀ ਵਿੱਚੋਂ ਬਾਹਰ ਨਿਕਲ ਰਹੇ ਸਨ ਤਾਂ ਅਚਾਨਕ ਧਮਾਕੇ ਨਾਲ ਅੱਗ ਲੱਗ ਗਈ ਅਤੇ ਅਸਮਾਨ ਵਿੱਚ ਧੂੰਏਂ ਦੇ ਬੱਦਲ ਛਾ ਗਏ। ਸੂਚਨਾ ਮਿਲਣ ’ਤੇ ਮੋਹਾਲੀ ਅਤੇ ਰੋਪੜ ਤੋਂ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚ ਗਈਆਂ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਫੈਕਟਰੀ ਅੰਦਰੋਂ ਧਮਾਕਿਆਂ ਦੀ ਆਵਾਜ਼ ਆਉਂਦੀ ਰਹੀ। ਇਨ੍ਹਾਂ ਦੋਵਾਂ ਸ਼ਹਿਰਾਂ ਤੋਂ ਐਂਬੂਲੈਂਸ ਅਤੇ ਡਾਕਟਰਾਂ ਦੀਆਂ ਟੀਮਾਂ ਵੀ ਪਹੁੰਚ ਗਈਆਂ। ਜਿਸ ਥਾਂ ’ਤੇ ਅੱਗ ਲੱਗੀ ਸੀ, ਉਸਦੇ ਨਾਲ ਹੀ ਇਕ ਕੈਮੀਕਲ ਫੈਕਟਰੀ ਹੈ। ਜੇਕਰ ਉੱਥੇ ਵੀ ਅੱਗ ਲੱਗ ਜਾਂਦੀ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਸ-ਪਾਸ ਦੇ ਸਨਅਤੀ ਅਹਾਤੇ ਨੂੰ ਖਾਲੀ ਕਰਵਾ ਲਿਆ ਹੈ ਪਰ ਇੱਥੇ ਸਥਿਤੀ ਕਾਫ਼ੀ ਗੰਭੀਰ ਬਣ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਫੈਕਟਰੀ ਅੰਦਰ ਰੱਖੇ ਕੈਮੀਕਲ ਕਾਰਨ ਲੱਗੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
