

ਭੋਪਾਲ, 25 ਸਤੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਇੱਕ ਦਿਨਾ ਦੌਰੇ ’ਤੇ ਸੋਮਵਾਰ ਨੂੰ ਭੋਪਾਲ ਪਹੁੰਚੇ। ਉਹ ਇੱਥੇ ਬੀਐੱਚਈਐੱਲ ਦੇ ਜੰਬੂਰੀ ਮੈਦਾਨ ਵਿੱਚ ਆਯੋਜਿਤ ਭਾਜਪਾ ਵਰਕਰਾਂ ਮਹਾਕੁੰਭ ਨੂੰ ਸੰਬੋਧਨ ਕਰਨਗੇ। ਮਹਾਕੁੰਭ ਵਿੱਚ ਭਾਗ ਲੈਣ ਲਈ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਵਰਕਰ ਇੱਥੇ ਪੁੱਜੇ ਹਨ। ਵਰਕਰਾਂ ਦਾ ਉਤਸ਼ਾਹ ਸਿਖਰਾਂ ’ਤੇ ਹੈ।
ਪ੍ਰਧਾਨ ਮੰਤਰੀ ਮੋਦੀ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਰਾਹੀਂ ਸਵੇਰੇ 10:55 ਵਜੇ ਭੋਪਾਲ ਪਹੁੰਚੇ। ਇੱਥੇ ਰਾਜਾ ਭੋਜ ਹਵਾਈ ਅੱਡੇ ’ਤੇ ਰਾਜ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇੱਥੋਂ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਜੰਬੂਰੀ ਮੈਦਾਨ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਦੋ ਘੰਟੇ ਤੋਂ ਵੱਧ ਸਮਾਂ ਭੋਪਾਲ ਵਿੱਚ ਰਹਿਣਗੇ। ਪ੍ਰੋਗਰਾਮ ਦੇ ਰਸਤੇ ਵਿੱਚ ਲੋਕ ਕਲਾਕਾਰਾਂ ਵੱਲੋਂ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਸਮਾਗਮ ਵਾਲੀ ਥਾਂ ’ਤੇ ਪਹੁੰਚ ਗਏ ਹਨ। ਇੱਥੇ ਉਹ ਖੁੱਲ੍ਹੀ ਜੀਪ ਵਿੱਚ ਜੰਬੂਰੀ ਮੈਦਾਨ ਵਿੱਚ ਦਾਖਲ ਹੋਏ। ਉਨ੍ਹਾਂ ਨਾਲ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਸ਼ਨੂੰਦੱਤ ਸ਼ਰਮਾ ਮੌਜੂਦ ਸਨ। ‘ਵਰਕਰ ਮਹਾਕੁੰਭ’ ’ਚ ਪਹੁੰਚਣ ’ਤੇ ਮੌਜੂਦ ਭਾਜਪਾ ਵਰਕਰਾਂ ਨੇ ਪੂਰੇ ਉਤਸ਼ਾਹ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
