ਚੰਡੀਗੜ੍ਹ, 30 ਸਤੰਬਰ (ਹਿ. ਸ.)। ਪੰਜਾਬ ‘ਚ ਕਈ ਥਾਵਾਂ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ। ਅੱਜ ਤੀਜਾ ਅਤੇ ਆਖਰੀ ਦਿਨ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨ ਰੇਲ ਪਟੜੀਆਂ ‘ਤੇ ਬੈਠੇ ਹਨ ਅਤੇ ਘੱਟੋ-ਘੱਟ ਸਮਰਥਨ ਮੁੱਲ ਲਈ ਕਮੇਟੀ ਬਣਾਉਣ, ਹੜ੍ਹਾਂ ‘ਚ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ, ਵਿਆਪਕ ਕਰਜ਼ਾ ਮੁਆਫੀ, ਦਿੱਲੀ ‘ਚ ਕਿਸਾਨ ਅੰਦੋਲਨ ਨਾਲ ਸਬੰਧਤ ਕੇਸ ਵਾਪਸ ਲੈਣ ਅਤੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਅਤੇ ਨੌਕਰੀਆਂ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਕਰ ਰਹੇ ਹਨ।
ਪੰਜਾਬ ਦੀਆਂ 19 ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੀਰਵਾਰ ਤੋਂ ਤਿੰਨ ਦਿਨ੍ਹਾਂ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਅੱਜ ਅਗਲੀ ਰਣਨੀਤੀ ਤੈਅ ਕਰਨਗੀਆਂ ਕਿ ਕਿਸਾਨ ਟਰੈਕ ਛੱਡਣਗੇ ਜਾਂ ਡਟੇ ਰਹਿਣਗੇ। ਅੰਦੋਲਨ ਕਾਰਨ ਰੇਲਵੇ ਨੇ ਅੱਜ ਟਰੇਨ ਨੰਬਰ 04754 ਸ਼੍ਰੀਗੰਗਾਨਗਰ-ਬਠਿੰਡਾ ਪੈਸੇਂਜਰ ਸਪੈਸ਼ਲ, ਟਰੇਨ ਨੰਬਰ 04755 ਬਠਿੰਡਾ-ਸ਼੍ਰੀਗੰਗਾਨਗਰ ਪੈਸੰਜਰ ਸਪੈਸ਼ਲ, ਟਰੇਨ ਨੰਬਰ 04753 ਬਠਿੰਡਾ-ਸ਼੍ਰੀਗੰਗਾਨਗਰ ਪੈਸੰਜਰ ਸਪੈਸ਼ਲ, ਟਰੇਨ ਨੰਬਰ 14601 ਫ਼ਿਰੋਜ਼ਪੁਰ ਕੈਂਟ-ਹਨੂਮਾਨਗੜ੍ਹ, ਟਰੇਨ ਨੰਬਰ 14602 ਹਨੂੰਮਾਨਗੜ੍ਹ-ਫ਼ਿਰੋਜ਼ਪੁਰ ਛਾਉਣੀ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਅੰਦੋਲਨ ਕਾਰਨ ਜਿੱਥੇ ਕਿਸਾਨ ਰੇਲ ਪਟੜੀਆਂ ’ਤੇ ਬੈਠੇ ਹਨ, ਉੱਥੇ ਕਈ ਰੇਲ ਗੱਡੀਆਂ ਦੀ ਆਵਾਜਾਈ ਵੀ ਇਸ ਕਾਰਨ ਪ੍ਰਭਾਵਿਤ ਹੋਈ ਹੈ। ਅੰਦੋਲਨ ਕਾਰਨ ਅੰਮ੍ਰਿਤਸਰ-ਦਿੱਲੀ ਰੂਟ ‘ਤੇ ਚੱਲਣ ਵਾਲੀਆਂ ਟਰੇਨਾਂ ‘ਚ ਵੀ ਵਿਘਨ ਪੈ ਰਿਹਾ ਹੈ। ਅੰਦੋਲਨ ਕਾਰਨ ਮੋਗਾ, ਅਜੀਤਵਾਲ ਅਤੇ ਡਗਰੂ ਵਿੱਚ ਰੇਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਜਲੰਧਰ ਛਾਉਣੀ, ਤਰਨਤਾਰਨ, ਅੰਮ੍ਰਿਤਸਰ, ਨਾਭਾ, ਬਸਤੀ ਟਾਂਕਾ ਵਾਲੀ, ਮੱਲਾਂਵਾਲਾ, ਰਾਮਪੁਰਾ ਫੂਲ, ਦੇਵੀਦਾਸ ਪੁਰਾ, ਮਜੀਠੀਆ, ਫਾਜ਼ਿਲਕਾ, ਮਾਲੇਰਕੋਟਲਾ ਤੋਂ ਅਹਿਮਦਗੜ੍ਹ ਵੱਲ ਵੀ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
