ਨਵੀਂ ਦਿੱਲੀ, 27 ਨਵੰਬਰ (ਹਿ.ਸ.)। ਮਲਿਆਲਮ ਨਿਊਜ਼ ਚੈਨਲ ਏਸ਼ੀਆਨੈੱਟ ‘ਤੇ ਬਹਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਲਈ ਸੀਪੀਐੱਮ ਨੇਤਾ ਜੈਕ ਸੀ ਥਾਮਸ ਨੂੰ ਆਰਗਨਾਈਜ਼ਰ ਦੇ ਸਾਬਕਾ ਸੰਪਾਦਕ ਡਾ.ਆਰ ਬਾਲਾਸ਼ੰਕਰ ਨੇ ਕਾਨੂੰਨੀ ਨੋਟਿਸ ਭੇਜਿਆ ਹੈ। ਕਾਨੂੰਨੀ ਨੋਟਿਸ ਵਿੱਚ ਸੱਤ ਦਿਨਾਂ ਦੇ ਅੰਦਰ ਜਨਤਕ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਕਾਨੂੰਨੀ ਨੋਟਿਸ ‘ਚ ਕਿਹਾ ਗਿਆ ਹੈ ਕਿ ਥਾਮਸ ਨੇ 20 ਨਵੰਬਰ ਨੂੰ ਏਸ਼ੀਆਨੈੱਟ ਨਿਊਜ਼ ਚੈਨਲ ‘ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਰਾਧਮ ਸ਼ਬਦ ਦੀ ਵਰਤੋਂ ਕੀਤੀ। ਪੈਨਲ ਚਰਚਾ ‘ਚ ਬੈਠੇ ਮਹਿਮਾਨਾਂ ਅਤੇ ਨਿਊਜ਼ ਐਂਕਰਾਂ ਨੇ ਪ੍ਰਧਾਨ ਮੰਤਰੀ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ‘ਤੇ ਇਤਰਾਜ਼ ਜਤਾਇਆ। ਫਿਰ ਵੀ ਜੈਕ ਸੀ ਥਾਮਸ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ।
ਕਾਨੂੰਨੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੈਕ ਸੀ ਥਾਮਸ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਕੇ ਪ੍ਰਧਾਨ ਮੰਤਰੀ ਦੇ ਮਾਣ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਫਰਤ ਭਰੇ ਭਾਸ਼ਣ ਤੋਂ ਇਲਾਵਾ ਇਹ ਮਾਨਹਾਨੀ ਦੇ ਦਾਇਰੇ ‘ਚ ਵੀ ਆਉਂਦਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਥਾਮਸ ਦੇ ਬਿਆਨਾਂ ਨਾਲ ਡਾਕਟਰ ਆਰ ਬਾਲਾਸ਼ੰਕਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜੇ ਥਾਮਸ ਸੱਤ ਦਿਨਾਂ ਦੇ ਅੰਦਰ ਜਨਤਕ ਮੁਆਫ਼ੀ ਨਹੀਂ ਮੰਗਦੇ ਤਾਂ ਡਾਕਟਰ ਆਰ ਬਾਲਸ਼ੰਕਰ ਉਚਿਤ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
