ਨਵੀਂ ਦਿੱਲੀ, 19 ਫਰਵਰੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸੋਮਵਾਰ) ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਸ਼੍ਰੀਕਲਕੀ ਧਾਮ ਦਾ ਨੀਂਹ ਪੱਥਰ ਰੱਖਣਗੇ। ਇਸ ਧਾਮ ਦੇ ਪੀਠਾਧੀਸ਼ਵਰ ਆਚਾਰੀਆ ਪ੍ਰਮੋਦ ਕ੍ਰਿਸ਼ਨਨ ਨੇ ਇਸ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਨਵੀਂ ਦਿੱਲੀ ਵਿੱਚ ਮਿਲ ਕੇ ਸੱਦਾ ਦਿੱਤਾ ਸੀ।
ਸਾਬਕਾ ਕਾਂਗਰਸ ਨੇਤਾ ਅਤੇ ਪੀਠਾਧੀਸ਼ਵਰ ਆਚਾਰੀਆ ਪ੍ਰਮੋਦ ਕ੍ਰਿਸ਼ਨਨ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਐਕਸ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਸ਼੍ਰੀਕਲਕੀ ਧਾਮ ਦਾ ਨੀਂਹ ਪੱਥਰ ਸਮਾਗਮ 19 ਫਰਵਰੀ ਨੂੰ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਸੀ, ”ਵਿਸ਼ਵਾਸ ਅਤੇ ਸ਼ਰਧਾ ਨਾਲ ਜੁੜੇ ਇਸ ਸ਼ੁਭ ਮੌਕੇ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਆਪਣੇ ਦੌਰੇ ਦੀ ਪੂਰਵ ਸੰਧਿਆ (ਐਤਵਾਰ) ‘ਤੇ ਐਕਸ ਹੈਂਡਲ ‘ਤੇ ਇਕ ਭਾਵਨਾਤਮਕ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ, “ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਸ਼੍ਰੀਕਲਕੀ ਧਾਮ ਦੇਸ਼ ਭਰ ਦੇ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਹੈ। ਕੱਲ੍ਹ ਸਵੇਰੇ 10:30 ਵਜੇ ਦੇ ਕਰੀਬ ਇੱਥੇ ਇੱਕ ਬ੍ਰਹਮ ਅਤੇ ਵਿਸ਼ਾਲ ਮੰਦਰ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਪ੍ਰਾਪਤ ਹੋਵੇਗਾ। ਇਸ ਤੋਂ ਬਾਅਦ ਦੁਪਹਿਰ ਕਰੀਬ 1:45 ਵਜੇ ਯੂਪੀ ਗਲੋਬਲ ਇਨਵੈਸਟਰਸ ਸਮਿਟ ਦੇ ਚੌਥੇ ਗਰਾਊਂਡ ਬ੍ਰੇਕਿੰਗ ਸਮਾਰੋਹ ਵਿੱਚ ਰਾਜ ਦੇ ਵਿਕਾਸ ਨਾਲ ਸਬੰਧਤ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਾਂਗਾ।’’
