ਜੰਮੂ, 27 ਅਕਤੂਬਰ (ਹਿ. ਸ.)। ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ ਦੀਆਂ ਸਾਰੀਆਂ ਅੱਠ ਸਰਹੱਦੀ ਚੌਕੀਆਂ ‘ਤੇ ਵੀਰਵਾਰ ਦੇਰ ਰਾਤ ਭਾਰੀ ਗੋਲੀਬਾਰੀ ਹੋਈ ਹੈ।ਪਾਕਿਸਤਾਨ ਨੇ ਇੱਥੋਂ ਦੇ ਰਿਹਾਇਸ਼ੀ ਇਲਾਕੇ ਵਿੱਚ ਗੋਲੇ ਦਾਗੇ। ਭਾਰਤ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੀਆਂ ਕਈ ਚੌਕੀਆਂ ਤਬਾਹ ਹੋ ਗਈਆਂ। ਕਰੀਬ ਪੰਜ-ਸੱਤ ਰੇਂਜਰਾਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ।
ਇਸ ਗੋਲੀਬਾਰੀ ‘ਚ ਬਿਕਰਮ ਪੋਸਟ ‘ਤੇ ਤਾਇਨਾਤ ਕਰਨਾਟਕ ਦੇ ਸਿਪਾਹੀ ਬਸਪਾਰਾਜ ਦੇ ਪੈਰ ਅਤੇ ਹੱਥਾਂ ‘ਚ ਸ਼ੈਲ ਦੇ ਸਪਲਿੰਟਰ ਲੱਗੇ ਹਨ। ਜੱਬੋਵਾਲ ਚੌਕੀ ‘ਤੇ ਫੌਜੀ ਦੇ ਪੈਰ ‘ਚ ਗੋਲੀ ਲੱਗੀ ਹੈ। ਦੋਵਾਂ ਨੂੰ ਜੰਮੂ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਚਾਰ ਨਾਗਰਿਕ ਵੀ ਜ਼ਖਮੀ ਹੋਏ ਹਨ। ਉਨ੍ਹਾਂ ਦਾ ਵੀ ਹਸਪਤਾਲ ਵਿੱਚ ਜਾਰੀ ਹੈ।
ਪਾਕਿਸਤਾਨ ਦੇ 25 ਤੋਂ ਵੱਧ ਮੋਰਟਾਰ ਗੋਲੇ ਅਰਨੀਆ, ਸੁਚੇਤਗੜ੍ਹ, ਸਈ, ਜੱਬੋਵਾਲ ਅਤੇ ਤ੍ਰੇਵਾ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਡਿੱਗੇ ਹਨ। ਭਾਰੀ ਗੋਲੀਬਾਰੀ ਕਾਰਨ ਬੀਐੱਸਐੱਫ ਨੇ ਪੂਰੇ ਇਲਾਕੇ ਵਿੱਚ ਹਾਈ ਅਲਰਟ ਕਰ ਦਿੱਤਾ ਹੈ। ਬੀਐੱਸਐੱਫ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਅਰਨੀਆ ਸਮੇਤ ਸਰਹੱਦੀ ਇਲਾਕੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਨੇ ਸਰਹੱਦ ਵੱਲ ਜਾਣ ਵਾਲੇ ਸਾਰੇ ਰਸਤਿਆਂ ’ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
