ਨਵੀਂ ਦਿੱਲੀ, 09 ਦਸੰਬਰ (ਹਿ.ਸ.)। ਰਾਜਧਾਨੀ ਦਿੱਲੀ ਦੀ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੈ। ਸ਼ਨੀਵਾਰ ਸਵੇਰੇ ਵੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਹਵਾ ਦੀ ਗੁਣਵੱਤਾ ਖਰਾਬ ਪੱਧਰ ‘ਤੇ ਰਹੀ। ਅੱਜ ਸਵੇਰੇ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ 300 ਤੋਂ 400 ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਭਾਰਤ ਭਰ ਦੇ ਸਿਖਰਲੇ 10 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਦਿੱਲੀ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ।
ਅੱਜ ਵੀ ਰਾਸ਼ਟਰੀ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ 300 ਤੋਂ ਉੱਪਰ ਦੇਖਿਆ ਗਿਆ। ਦਿੱਲੀ ‘ਚ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ, ਦਿੱਲੀ ਵਾਸੀਆਂ ਨੇ ਪ੍ਰਦੂਸ਼ਣ ਕਾਰਨ ਬੇਚੈਨੀ ਮਹਿਸੂਸ ਕੀਤੀ। ਸਵੇਰੇ ਸਭ ਤੋਂ ਖ਼ਰਾਬ ਹਵਾ ਦੀ ਗੁਣਵੱਤਾ ਜਹਾਂਗੀਰਪੁਰੀ ਵਿੱਚ ਸੀ, ਜਿੱਥੇ ਹਵਾ ਗੁਣਵੱਤਾ ਸੂਚਕ ਅੰਕ 334 ਸੀ, ਅਤੇ ਸਭ ਤੋਂ ਵਧੀਆ ਹਵਾ ਦੀ ਗੁਣਵੱਤਾ ਆਯਾ ਨਗਰ ਵਿੱਚ ਸੀ, ਜਿੱਥੇ ਹਵਾ ਗੁਣਵੱਤਾ ਸੂਚਕ ਅੰਕ 176 ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਨੇ ਕਿਹਾ, ਅਗਲੇ ਕੁਝ ਦਿਨਾਂ ਵਿੱਚ ਦਿੱਲੀ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਨਤੀਜਤਨ ਫਿਲਹਾਲ ਪ੍ਰਦੂਸ਼ਣ ਘੱਟ ਨਹੀਂ ਹੋਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
