ਨਵੀਂ ਦਿੱਲੀ, 05 ਜਨਵਰੀ (ਹਿ.ਸ.)। ਚੋਣ ਕਮਿਸ਼ਨ ਨੇ ਅੱਜ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਮਸ਼ੀਨਾਂ ਨੂੰ ਲੈ ਕੇ ਕਾਂਗਰਸੀ ਆਗੂ ਜੈਰਾਮ ਰਮੇਸ਼ ਦੀਆਂ ਚਿੰਤਾਵਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੋਈ ਨਵਾਂ ਦਾਅਵਾ ਨਹੀਂ ਕੀਤਾ ਹੈ। ਇਹ ਕੋਈ ਕਾਨੂੰਨੀ ਅਤੇ ਤਰਕਪੂਰਨ ਪਹਿਲੂ ਨਹੀਂ ਹੈ ਜਿਸ ਬਾਰੇ ਹੋਰ ਸਪੱਸ਼ਟੀਕਰਨ ਦੀ ਲੋੜ ਹੈ।
ਕਮਿਸ਼ਨ ਨੇ ਕਿਹਾ, “ਪਿਛਲੇ ਪੱਤਰਾਂ ਦੀ ਨਿਰੰਤਰਤਾ ਵਿੱਚ 30 ਦਸੰਬਰ, 2023 ਦੀ ਮੌਜੂਦਾ ਚਿੱਠੀ ਵਿੱਚ ਕੋਈ ਨਵਾਂ ਦਾਅਵਾ ਜਾਂ ਵਾਜਬ ਅਤੇ ਜਾਇਜ਼ ਸ਼ੱਕ ਨਹੀਂ ਹੈ ਜਿਸ ਲਈ ਹੋਰ ਸਪੱਸ਼ਟੀਕਰਨ ਦੀ ਲੋੜ ਹੈ।”
ਜੈਰਾਮ ਰਮੇਸ਼ ਨੂੰ ਲਿਖੇ ਪੱਤਰ ਵਿੱਚ ਚੋਣ ਕਮਿਸ਼ਨ ਨੇ ਇੱਕ ਵਾਰ ਫਿਰ ਈਵੀਐਮ ਰਾਹੀਂ ਚੋਣਾਂ ਕਰਵਾਉਣ ਦਾ ਪੂਰਾ ਭਰੋਸਾ ਜਤਾਇਆ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ‘ਅਕਸਰ ਪੁੱਛੇ ਜਾਣ ਵਾਲੇ ਸਵਾਲ’ ਦੇ ਜਵਾਬ ‘ਚ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਸਾਰੀਆਂ ਚਿੰਤਾਵਾਂ ਅਤੇ ਕਾਨੂੰਨੀ ਪਹਿਲੂਆਂ ਦਾ ਜਵਾਬ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਰੋਧੀ ਗਠਜੋੜ ਨੇ 19 ਦਸੰਬਰ ਨੂੰ ਹੋਈ ਬੈਠਕ ‘ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਦੇ ਕੰਮਕਾਜ ‘ਤੇ ਸ਼ੱਕ ਪ੍ਰਗਟਾਇਆ ਗਿਆ ਸੀ। ਇਸ ਸਬੰਧ ਵਿਚ ਰਮੇਸ਼ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਵਿਰੋਧੀ ਗਠਜੋੜ ਦੇ ਵਫ਼ਦ ਨੂੰ (ਵੀਵੀਪੀਏਟੀ) ਸਲਿੱਪਾਂ ‘ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਸਮਾਂ ਦਿੱਤਾ ਜਾਵੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
