ਪਣਜੀ, 20 ਨਵੰਬਰ (ਹਿ.ਸ.)। ਗੋਆ ਦੇ ਖੂਬਸੂਰਤ ਬੀਚਾਂ ਵਿਚਕਾਰ 54ਵਾਂ ਇੰਡੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਅੱਜ (ਸੋਮਵਾਰ) ਸ਼ੁਰੂ ਹੋਵੇਗਾ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ‘ਚ ਸਮਾਗਮ ਦਾ ਉਦਘਾਟਨ ਕਰਨਗੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਆਈਨੌਕਸ ਕੰਪਲੈਕਸ ਵਿਖੇ ਸ਼ੁਰੂਆਤੀ ਫਿਲਮ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕਰਨਗੇ। ਉਹ ਫਿਲਮ ਬਾਜ਼ਾਰ ਦਾ ਉਦਘਾਟਨ ਵੀ ਕਰਨਗੇ। ਇਹ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਗਲੋਬਲ ਫਿਲਮ ਬਾਜ਼ਾਰ ਹੈ। ਇਹ ਜਾਣਕਾਰੀ ਪੀ.ਆਈ.ਬੀ. ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ।
ਉਦਘਾਟਨ ਸਮਾਰੋਹ ਵਿੱਚ ਮਾਧੁਰੀ ਦੀਕਸ਼ਿਤ, ਸ਼ਾਹਿਦ ਕਪੂਰ, ਸ਼੍ਰਿਆ ਸਰਨ, ਨੁਸਰਤ ਭਰੂਚਾ, ਪੰਕਜ ਤ੍ਰਿਪਾਠੀ, ਸ਼ਾਂਤਨੂ ਮੋਇਤਰਾ, ਸ਼੍ਰੇਆ ਘੋਸ਼ਾਲ ਅਤੇ ਸੁਖਵਿੰਦਰ ਸਿੰਘ ਪਰਫਾਰਮ ਕਰਨਗੇ। ਫੈਸਟੀਵਲ ‘ਚ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਕੈਥਰੀਨ ਜੀਟਾ ਜੋਨਸ, ਸਲਮਾਨ ਖਾਨ, ਵਿਦਿਆ ਬਾਲਨ, ਆਯੁਸ਼ਮਾਨ ਖੁਰਾਨਾ, ਅਨੁਪਮ ਖੇਰ, ਵਿੱਕੀ ਕੌਸ਼ਲ, ਸਿਧਾਰਥ ਮਲਹੋਤਰਾ, ਅਦਿਤੀ ਰਾਓ ਹੈਦਰੀ, ਏ.ਆਰ. ਰਹਿਮਾਨ, ਅਮਿਤ ਤ੍ਰਿਵੇਦੀ ਆਦਿ ਮੌਜੂਦ ਰਹਿਣਗੇ।
ਨੌਂ ਦਿਨਾਂ ਦੇ ਇਸ ਫੈਸਟੀਵਲ ਦੀ ਸ਼ੁਰੂਆਤ ਬ੍ਰਿਟਿਸ਼ ਫਿਲਮ ਨਿਰਮਾਤਾ ਸਟੂਅਰਟ ਗੈਟ ਦੀ ਕੈਚਿੰਗ ਡਸਟ ਦੇ ਅੰਤਰਰਾਸ਼ਟਰੀ ਪ੍ਰੀਮੀਅਰ ਨਾਲ ਹੋਵੇਗੀ। ਫੈਸਟੀਵਲ ਦੌਰਾਨ ਚਾਰ ਥਾਵਾਂ ‘ਤੇ 270 ਤੋਂ ਵੱਧ ਫਿਲਮਾਂ ਦਿਖਾਈਆਂ ਜਾਣਗੀਆਂ। ਫੈਸਟੀਵਲ ਵਿੱਚ 13 ਵਿਸ਼ਵ ਪ੍ਰੀਮੀਅਰ, 18 ਅੰਤਰਰਾਸ਼ਟਰੀ ਪ੍ਰੀਮੀਅਰ, 62 ਏਸ਼ੀਆ ਪ੍ਰੀਮੀਅਰ ਅਤੇ 89 ਭਾਰਤੀ ਪ੍ਰੀਮੀਅਰ ਹੋਣਗੇ। ਸਰਵੋਤਮ ਵੈੱਬ ਸੀਰੀਜ਼ (ਓਟੀਟੀ) ਪੁਰਸਕਾਰ ਲਈ 15 ਓਟੀਟੀ ਪਲੇਟਫਾਰਮਾਂ ਤੋਂ 10 ਭਾਸ਼ਾਵਾਂ ਵਿੱਚ ਕੁੱਲ 32 ਐਂਟਰੀਆਂ ਪ੍ਰਾਪਤ ਹੋਈਆਂ ਹਨ। ਇਸ ਸਾਲ 15 ਫੀਚਰ ਫਿਲਮਾਂ (12 ਅੰਤਰਰਾਸ਼ਟਰੀ ਫਿਲਮਾਂ ਅਤੇ ਤਿੰਨ ਭਾਰਤੀ ਫਿਲਮਾਂ) ਵੱਕਾਰੀ ਗੋਲਡਨ ਪੀਕੌਕ ਅਵਾਰਡ ਲਈ ਮੁਕਾਬਲਾ ਕਰਨਗੀਆਂ। ਇਸ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਵਿੱਚ ਡੱਬ ਕੀਤੀਆਂ ਭਾਰਤੀ ਪੈਨੋਰਮਾ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਉਦਘਾਟਨ ਸਮਾਰੋਹ ਦਾ ਦੂਰਦਰਸ਼ਨ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
