

ਅਹਿਮਦਾਬਾਦ, 26 ਨਵੰਬਰ (ਹਿ. ਸ.)। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਐਤਵਾਰ ਸਵੇਰੇ ਜਾਪਾਨ ਪਹੁੰਚ ਗਏ। ਉਹ ਵਾਈਬ੍ਰੈਂਟ ਗੁਜਰਾਤ ਸਮਿਟ-2024 ਦੇ ਤਹਿਤ ਚੋਟੀ ਦੇ ਵਫਦ ਨਾਲ 7 ਦਿਨ ਵਿਦੇਸ਼ ਰਹਿਣਗੇ। ਇਸ ਦੌਰਾਨ ਉਹ ਸਿੰਗਾਪੁਰ ਵੀ ਜਾਣਗੇ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਯੁੱਧਿਆ ‘ਚ ਰਾਮ ਲੱਲਾ ਦੇ ਦਰਸ਼ਨ ਅਤੇ ਪੂਜਾ ਕਰਨ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਉਹ ਮੁੰਬਈ ਤੋਂ ਜਾਪਾਨ ਲਈ ਰਵਾਨਾ ਹੋਏ ਸਨ।
ਜਾਪਾਨ ਪਹੁੰਚਣ ‘ਤੇ ਮੁੱਖ ਮੰਤਰੀ ਪਟੇਲ ਦਾ ਭਾਰਤੀ ਰਾਜਦੂਤ ਸੀਬੀ ਜਾਰਜ ਅਤੇ ਦੂਤਘਰ ਦੇ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਵਾਈਬ੍ਰੈਂਟ ਗੁਜਰਾਤ ਸਮਿਟ-2024 ਦੇ ਪ੍ਰਚਾਰ ਲਈ ਜਾਪਾਨ ਦੇ ਕਈ ਵੱਡੇ ਉੱਦਮੀਆਂ ਨਾਲ ਮੁਲਾਕਾਤ ਕਰਨਗੇ। ਉਹ ਵੱਖ-ਵੱਖ ਸੂਬਿਆਂ ਦੇ ਗਵਰਨਰਾਂ ਨਾਲ ਵਨ ਟੂ ਵਨ ਮੀਟਿੰਗ ਵੀ ਕਰਨਗੇ। ਇਸ ਦੌਰਾਨ ਰੋਡ ਸ਼ੋਅ ਵੀ ਕੀਤਾ ਜਾਵੇਗਾ।
ਅਗਲੇ ਸਾਲ ਜਨਵਰੀ ਵਿੱਚ ਗੁਜਰਾਤ ਵਿੱਚ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦਾ ਆਯੋਜਨ ਕੀਤਾ ਜਾਣਾ ਹੈ। ਇਸ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਰੋਡ ਸ਼ੋਅ ਅਤੇ ਸਮਾਗਮ ਕਰਕੇ ਨਿਵੇਸ਼ਕਾਂ ਵਿੱਚ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ। ਇਸ ਤਹਿਤ ਮੁੱਖ ਮੰਤਰੀ 2 ਦਸੰਬਰ ਤੱਕ ਜਾਪਾਨ ਅਤੇ ਸਿੰਗਾਪੁਰ ਦੇ ਦੌਰੇ ‘ਤੇ ਰਹਿਣਗੇ।
ਮੁੱਖ ਮੰਤਰੀ ਦੇ ਨਾਲ ਰਾਜ ਦੇ ਮੁੱਖ ਸਕੱਤਰ ਰਾਜਕੁਮਾਰ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਪੰਕਜ ਜੋਸ਼ੀ, ਉਦਯੋਗ-ਮਾਈਨ ਵਿਭਾਗ ਦੇ ਏਸੀਐੱਸ ਐੱਸਜੇ ਹੈਦਰ, ਗਿਫ਼ਟ ਸਿਟੀ ਦੇ ਸੀਨੀਅਰ ਪ੍ਰਤੀਨਿਧੀ, ਗੁਜਰਾਤ ਦੀ ਰੈਜ਼ੀਡੈਂਟ ਕਮਿਸ਼ਨਰ ਆਰਤੀ ਕੰਵਰ, ਇੰਡੈਕਸਟ ਬੀ ਦੇ ਮੈਨੇਜਿੰਗ ਡਾਇਰੈਕਟਰ ਗੌਰਾਂਗ ਮਕਵਾਣਾ ਅਤੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੀਲ ਪਟੇਲ ਵੀ ਉਨ੍ਹਾਂ ਦੇ ਵਿਦੇਸ਼ ਦੌਰੇ ‘ਤੇ ਉਨ੍ਹਾਂ ਦੇ ਨਾਲ ਹਨ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਨਾਲ ਅਧਿਕਾਰੀਆਂ ਦੀ ਟੀਮ 26 ਤੋਂ 30 ਨਵੰਬਰ ਤੱਕ ਜਾਪਾਨ ਵਿੱਚ ਰਹੇਗੀ। ਇਸ ਤੋਂ ਬਾਅਦ ਮੁੱਖ ਮੰਤਰੀ 1 ਅਤੇ 2 ਦਸੰਬਰ ਨੂੰ ਸਿੰਗਾਪੁਰ ‘ਚ ਹੋਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
