ਬੈਂਗਲੁਰੂ, 26 ਸਤੰਬਰ (ਹਿ. ਸ.)। ਕਰਨਾਟਕ ਅਤੇ ਤਾਮਿਲਨਾਡੂ ਵਿਚਾਲੇ ਕਾਵੇਰੀ ਨਦੀ ਦੇ ਪਾਣੀ ਦੇ ਵਿਵਾਦ ਨੂੰ ਲੈ ਕੇ ਅੱਜ ਬੈਂਗਲੁਰੂ ’ਚ ਬੰਦ ਦੌਰਾਨ ਕੋਹਰਾਮ ਮੱਚਿਆ ਹੋਇਆ ਹੈ। ਕਾਵੇਰੀ ਨਦੀ ਦਾ ਪਾਣੀ ਤਾਮਿਲਨਾਡੂ ਨੂੰ ਛੱਡਣ ਦੇ ਵਿਰੋਧ ’ਚ ਸੂਬੇ ਵਿੱਚ ਲਗਾਤਾਰ ਹੋ ਰਹੇ ਪ੍ਰਦਰਸ਼ਨਾਂ ਵਿਚਾਲੇ ਮੰਗਲਵਾਰ ਨੂੰ ਵੱਖ-ਵੱਖ ਸੰਗਠਨਾਂ ਵਲੋਂ ਦਿੱਤੇ ਗਏ ਬੈਂਗਲੁਰੂ ਬੰਦ ਦਾ ਜਨਜੀਵਨ ’ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਹਾਲਾਂਕਿ, ਬੈਂਗਲੁਰੂ ਮੈਟਰੋਪੋਲੀਟਨ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਉਸਦੇ ਮਾਰਗ ਆਮ ਵਾਂਗ ਜਾਰੀ ਰਹਿਣਗੇ। ਇਸਦੇ ਬਾਵਜੂਦ ਜ਼ਿਆਦਾਤਰ ਬੱਸਾਂ ਸੜਕਾਂ ਤੋਂ ਗਾਇਬ ਹਨ। ਸਰਕਾਰ ਨੇ ਬੰਦ ਦੇ ਮੱਦੇਨਜ਼ਰ ਅੱਜ ਸਕੂਲਾਂ-ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਨ੍ਹਾਂ ਜਥੇਬੰਦੀਆਂ ਨੇ ਸ਼ੁੱਕਰਵਾਰ ਨੂੰ ਸੂਬਾ ਵਿਆਪੀ ਬੰਦ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਗੂਗਲ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਅੱਜ ਘਰ ਤੋਂ ਕੰਮ ਕਰਨ ਦਾ ਆਦੇਸ਼ ਦਿੱਤਾ ਹੈ। ਵਿਸਤਾਰਾ ਅਤੇ ਇੰਡੀਗੋ ਏਅਰਲਾਈਨਜ਼ ਨੇ ਆਪਣੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਅੱਜ ਦੇ ਬੰਦ ’ਤੇ ਮੈਜੇਸਟਿਕ ਬੀਐਮਟੀਸੀ ਬੱਸ ਸਟਾਪ ’ਤੇ ਆਟੋ ਚਾਲਕ ਨਸੀਰ ਖਾਨ ਨੇ ਕਿਹਾ ਕਿ ਉਹ ਬੰਦ ਦਾ ਸਮਰਥਨ ਕਰਦੇ ਹਨ। ਕਾਵੇਰੀ ਦੇ ਪਾਣੀਆਂ ’ਤੇ ਸਿਰਫ਼ ਕਰਨਾਟਕ ਦਾ ਹੀ ਹੱਕ ਹੈ। ਅੱਜ ਆਟੋ ਨਹੀਂ ਚੱਲਣਗੇ। ਇਸ ਦੌਰਾਨ ਕਰਨਾਟਕ ਰਕਸ਼ਨਾ ਵੇਦੀਕੇ ਦੇ ਮੈਂਬਰਾਂ ਨੇ ਕਾਵੇਰੀ ਜਲ ਮੁੱਦੇ ਦੇ ਵਿਰੋਧ ਵਿੱਚ ਰਾਮਨਗਰ ਵਿੱਚ ਪੂਜਾ ਅਰਚਨਾ ਕੀਤੀ। ਕਿਸਾਨ ਜਥੇਬੰਦੀ ਦੇ ਮੈਂਬਰ ਫ੍ਰੀਡਮ ਪਾਰਕ ਵਿੱਚ ਪ੍ਰਦਰਸ਼ਨ ਕੀਤਾ ਹੈ।
ਬੈਂਗਲੁਰੂ ਦੇ ਡੀਸੀਪੀ ਸ਼ੇਖਰ ਐਚ ਟੇਕੰਨਾਵਰ ਨੇ ਕਿਹਾ ਹੈ ਕਿ ਬੰਦ ਦੇ ਮੱਦੇਨਜ਼ਰ ਪੁਲਿਸ ਨੇ ਠੋਸ ਪ੍ਰਬੰਧ ਕੀਤੇ ਹਨ। ਮਨਜ਼ੂਰੀ ਵਾਲੀ ਥਾਂ ਨੂੰ ਛੱਡ ਕੇ ਕਿਤੇ ਵੀ ਵਿਰੋਧ ਕਰਨ ’ਤੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਮੈਸੂਰ ਬੈਂਕ ਸਰਕਲ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
