ਨਵੀਂ ਦਿੱਲੀ, 12 ਜਨਵਰੀ (ਹਿ.ਸ.)। ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ‘ਤੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਸਿਆਸੀ ਪ੍ਰੋਗਰਾਮ ਬਣਾਉਣ ਦਾ ਦੋਸ਼ ਲਗਾਇਆ ਹੈ। ਪਾਰਟੀ ਨੇ ਕਿਹਾ ਹੈ ਕਿ ਇਸ ਸਮਾਗਮ ਦਾ ਸ਼ੰਕਰਾਚਾਰੀਆ ਨੇ ਵੀ ਵਿਰੋਧ ਪ੍ਰਗਟਾਇਆ ਹੈ।
ਕਾਂਗਰਸ ਦੇ ਬੁਲਾਰੇ ਪਵਨ ਖੇੜਾ ਅਤੇ ਸੁਪ੍ਰੀਆ ਸ਼੍ਰੀਨੇਤ ਨੇ ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਰਟਰ ‘ਚ ਸਾਂਝੀ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਹੁਣ ਭਾਜਪਾ ਅਤੇ ਆਰਐੱਸਐੱਸ ਤੈਅ ਕਰ ਰਹੇ ਹਨ ਕਿ ਕੌਣ ਅਯੁੱਧਿਆ ਜਾਵੇਗਾ ਅਤੇ ਕੌਣ ਨਹੀਂ। ਕਾਂਗਰਸ ਇਸ ਸੋਚ ਦਾ ਵਿਰੋਧ ਕਰਦੀ ਹੈ। ਧਰਮ ਸਾਡੇ ਨਿੱਜੀ ਵਿਸ਼ਵਾਸ ਦਾ ਮਾਮਲਾ ਹੈ। ਇਸ ਮੁੱਦੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਖੇੜਾ ਨੇ ਪੁਛਿਆ ਕੀ ਭਗਵਾਨ ਦੇ ਮੰਦਰ ਵਿਚ ਸੱਦੇ ਨਾਲ ਜਾਇਆ ਜਾਂਦਾ ਹੈ ? ਕੀ ਕੋਈ ਸਿਆਸੀ ਪਾਰਟੀ ਇਹ ਤੈਅ ਕਰੇਗੀ ਕਿ ਕਿਸ ਸ਼੍ਰੇਣੀ ਦਾ ਵਿਅਕਤੀ ਕਿਸ ਤਰੀਕ ਨੂੰ ਮੰਦਰ ਦੇ ਦਰਸ਼ਨ ਕਰੇਗਾ? ਕੀ ਕੋਈ ਸਿਆਸੀ ਪਾਰਟੀ ਤੈਅ ਕਰੇਗੀ ਕਿ ਮੈਂ ਆਪਣੇ ਭਗਵਾਨ ਨੂੰ ਮਿਲਣ ਕਦੋਂ ਜਾਵਾਂ ? ਉਨ੍ਹਾਂ ਕਿਹਾ ਕਿ ਨਾ ਤਾਂ ਕੋਈ ਮਨੁੱਖ ਕਿਸੇ ਨੂੰ ਮੰਦਰ ਵਿੱਚ ਸੱਦਾ ਦੇ ਸਕਦਾ ਹੈ ਅਤੇ ਨਾ ਹੀ ਮਨੁੱਖ ਕਿਸੇ ਨੂੰ ਮੰਦਰ ਜਾਣ ਤੋਂ ਰੋਕ ਸਕਦਾ ਹੈ। ਕਿਸੇ ਵੀ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਇੱਕ ਵਿਧੀ ਵਿਧਾਨ ਹੁੰਦਾ ਹੈ। ਚਾਰੇ ਪੀਠਾਂ ਦੇ ਸ਼ੰਕਰਾਚਾਰੀਆ ਨੇ ਸਪੱਸ਼ਟ ਕਿਹਾ ਹੈ ਕਿ ਅਧੂਰੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਹੀਂ ਕੀਤੀ ਜਾ ਸਕਦੀ ਹੈ। ਅਜਿਹੇ ‘ਚ ਜੇਕਰ ਇਹ ਪ੍ਰੋਗਰਾਮ ਧਾਰਮਿਕ ਨਹੀਂ ਹੈ ਤਾਂ ਇਹ ਪ੍ਰੋਗਰਾਮ ਸਿਆਸੀ ਹੈ। ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਕਿਸੇ ਸਿਆਸੀ ਪਾਰਟੀ ਦੇ ਵਰਕਰ ਕਿਸੇ ਸਿਆਸੀ ਪ੍ਰੋਗਰਾਮ ਵਿੱਚ ਮੇਰੇ ਅਤੇ ਮੇਰੇ ਭਗਵਾਨ ਦੇ ਵਿਚਕਾਰ ਵਿਚੋਲੇ ਵਜੋਂ ਬਣ ਕੇ ਬੈਠ ਜਾਣ।
ਸੁਪ੍ਰੀਆ ਸ਼੍ਰੀਨੇਤ ਨੇ ਕਿਹਾ ਕਿ ਅਸੀਂ ਸਿਰਫ 22 ਜਨਵਰੀ ਦੇ ਪ੍ਰੋਗਰਾਮ ‘ਚ ਜਾਣ ਤੋਂ ਇਨਕਾਰ ਕੀਤਾ ਹੈ। ਕਾਂਗਰਸ ਨਿੱਜੀ ਵਿਸ਼ਵਾਸ ਨੂੰ ਸਰਵਉੱਚ ਮੰਨਦੀ ਹੈ। ਅਸੀਂ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਚਰਚਾਂ ਵਿਚ ਗਏ ਹਾਂ ਅਤੇ ਜਾਂਦੇ ਰਹਾਂਗੇ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਜਨਰਲ ਸਕੱਤਰ ਇੰਚਾਰਜ ਸਮੇਤ 15 ਜਨਵਰੀ ਨੂੰ ਅਯੁੱਧਿਆ ਦਾ ਦੌਰਾ ਕਰਨ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
