ਨਵੀਂ ਦਿੱਲੀ, 27 ਸਤੰਬਰ (ਹਿ. ਸ.)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਗੈਂਗਸਟਰਾਂ ਲਾਰੈਂਸ, ਬੰਬੀਹਾ ਅਤੇ ਡੱਲਾ ਦੇ ਅਪਰਾਧ ਸਾਮਰਾਜ ’ਤੇ ਵੱਡੀ ਕਾਰਵਾਈ ਕੀਤੀ ਹੈ। ਐੱਨਆਈਏ ਨੇ ਅੱਤਵਾਦੀਆਂ ਅਤੇ ਖਾਲਿਸਤਾਨ ਸਮਰਥਕਾਂ ਨਾਲ ਗਠਜੋੜ ਦੇ ਸਬੂਤ ਮਿਲਣ ਤੋਂ ਬਾਅਦ ਮੰਗਲਵਾਰ ਰਾਤ ਨੂੰ ਛੇ ਰਾਜਾਂ ਵਿੱਚ 51 ਥਾਵਾਂ ’ਤੇ ਛਾਪੇਮਾਰੀ ਕੀਤੀ। ਏਜੰਸੀ ਦੀਆਂ ਟੀਮਾਂ ਸਵੇਰ ਤੱਕ ਉਨ੍ਹਾਂ ਦੇ ਟਿਕਾਣਿਆਂ ਦੀ ਤਲਾਸ਼ੀ ਲੈਂਦੀਆਂ ਰਹੀਆਂ। ਦੇਸ਼ ਦੇ ਦੁਸ਼ਮਣਾਂ ਦੇ ਇਨ੍ਹਾਂ ਠਿਕਾਣਿਆਂ ’ਤੇ ਇਹ ਟੀਮਾਂ ਅੱਜ ਵੀ ਮੌਜੂਦ ਹਨ।
ਐਨਆਈਏ ਦੀ ਇਸ ਕਾਰਵਾਈ ਕਾਰਨ ਗੈਂਗਸਟਰ ਦਹਿਸ਼ਤੀ ਨੈੱਟਵਰਕ ਦੇ ਸਥਾਨਕ ਸਰਗਨੇ ਰੂਪੋਸ਼ ਹੋ ਗਏ ਹਨ। ਇਹ ਛਾਪੇ ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਪੰਜਾਬ ਅਤੇ ਦਿੱਲੀ-ਐਨਸੀਆਰ ਵਿੱਚ ਮਾਰੇ ਗਏ ਹਨ। ਏਜੰਸੀ ਨੂੰ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਲੁਕੇ ਗੈਂਗਸਟਰਾਂ ਦੇ ਖਾਲਿਸਤਾਨੀ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਸਬੂਤ ਮਿਲੇ ਹਨ।
ਏਜੰਸੀ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਲਾਰੈਂਸ, ਬੰਬੀਹਾ ਅਤੇ ਅਰਸ਼ ਡੱਲਾ ਗਰੋਹ ਦੇ ਸਾਥੀਆਂ ਨਾਲ ਸਬੰਧਤ ਛੇ ਰਾਜਾਂ ਵਿਚ ਤਿੰਨ ਮਾਮਲਿਆਂ ਵਿਚ 51 ਥਾਵਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਐੱਨਆਈਏ ਦੀ ਟੀਮ ਅਜੇ ਵੀ ਪੰਜਾਬ ਦੇ ਬਠਿੰਡਾ ਅਤੇ ਮੋਗਾ ਵਿੱਚ ਮੌਜੂਦ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗੈਂਗ ਦਾ ਨਾਮ ਸਾਹਮਣੇ ਆਇਆ ਹੈ। ਇਸ ਗੱਲ ਦੇ ਸਬੂਤ ਵੀ ਮਿਲੇ ਹਨ ਕਿ ਬੰਬੀਹਾ ਨੇ ਲਾਰੇਂਸ ਨੂੰ ਟੱਕਰ ਦੇਣ ਲਈ ਪਾਕਿਸਤਾਨ ਦੀ ਮਦਦ ਲਈ ਸੀ। ਅਰਸ਼ ਡੱਲਾ ਵਿਦੇਸ਼ ਵਿੱਚ ਲੁਕਿਆ ਹੋਇਆ ਹੈ। ਉਹ ਉਥੋਂ ਆਪਣਾ ਅਪਰਾਧ ਸਾਮਰਾਜ ਚਲਾ ਰਿਹਾ ਹੈ। ਗੋਲਡੀ ਬਰਾੜ ਵਰਗੇ ਗੈਂਗਸਟਰ ਜੋ ਅੱਤਵਾਦ ਦਾ ਸਮਰਥਨ ਕਰ ਰਹੇ ਹਨ, ਉਹ ਵੀ ਏਜੰਸੀ ਦੇ ਰਡਾਰ ’ਤੇ ਹਨ।
ਏਜੰਸੀ ਨੂੰ ਇਸ ਗੱਲ ਦੇ ਠੋਸ ਸਬੂਤ ਮਿਲੇ ਹਨ ਕਿ ਗੁਆਂਢੀ ਦੇਸ਼ ਪਾਕਿਸਤਾਨ ਰਾਹੀਂ ਨਾ ਸਿਰਫ਼ ਭਾਰਤ ਨੂੰ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ, ਸਗੋਂ ਖ਼ਤਰਨਾਕ ਅੱਤਵਾਦੀ ਵੀ ਭੇਜੇ ਜਾਂਦੇ ਹਨ। ਇਸ ਦੇ ਲਈ ਪਾਕਿਸਤਾਨ ਇਨ੍ਹਾਂ ਗੈਂਗਸਟਰਾਂ ਦੀ ਮਦਦ ਲੈ ਕੇ ਉਨ੍ਹਾਂ ਦੀਆਂ ਤਿਜ਼ੋਰੀਆਂ ਭਰ ਰਿਹਾ ਹੈ। ਉਨ੍ਹਾਂ ਨੂੰ ਅਤਿ-ਆਧੁਨਿਕ ਹਥਿਆਰ ਵੀ ਪ੍ਰਦਾਨ ਕਰਵਾ ਰਿਹਾ ਹੈ। ਕੈਨੇਡਾ ਵਿੱਚ ਰਹਿੰਦੇ ਕਈ ਖਾਲਿਸਤਾਨ ਸਮਰਥਕ ਅਤੇ ਖਾਲਿਸਤਾਨੀ ਅੱਤਵਾਦੀ ਲਗਾਤਾਰ ਆਈਐੱਸਆਈ ਦੇ ਸੰਪਰਕ ਵਿੱਚ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
