ਜੋਧਪੁਰ/ਨਵੀਂ ਦਿੱਲੀ, 05 ਅਕਤੂਬਰ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜਸਥਾਨ ਦੀ ਕਾਂਗਰਸ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਰਾਜਸਥਾਨ ਨੂੰ ਦੇਸ਼ ਦੇ ਵਿਕਾਸ ਦਾ ਇੰਜਣ ਬਣਾਉਣ ਲਈ ਦ੍ਰਿੜ੍ਹ ਹੈ। ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜੋਧਪੁਰ ਅਤੇ ਮਾਰਵਾੜ ਦੇ ਲੋਕਾਂ ਨੂੰ ਕਈ ਤੋਹਫੇ ਮਿਲੇ ਹਨ। ਉਨ੍ਹਾਂ ਵਿੱਚੋਂ ਇੱਕ ਤੋਹਫ਼ੇ ਲਈ, ਮੈਂ ਦਿੱਲੀ ਤੋਂ ਤਿਆਰ ਹੋ ਕੇ ਆਇਆ ਹਾਂ। ਕੱਲ੍ਹ, ਭਾਜਪਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਉੱਜਵਲਾ ਦੀਆਂ ਮਹਿਲਾ ਲਾਭਪਾਤਰੀਆਂ ਨੂੰ ਕੇਂਦਰ ਸਰਕਾਰ ਤੋਂ ਮਹਿਜ਼ 600 ਰੁਪਏ ਵਿੱਚ ਗੈਸ ਸਿਲੰਡਰ ਮਿਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਇਸ ਫੈਸਲੇ ਨਾਲ ਰਾਜਸਥਾਨ ਦੇ 70 ਲੱਖ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਇਹ ਫੈਸਲਾ ਰਸੋਈਆਂ ਨੂੰ ਧੂੰਏਂ ਮੁਕਤ ਬਣਾਉਣ ਦੀ ਸਾਡੀ ਮੁਹਿੰਮ ਨੂੰ ਵੀ ਮਜ਼ਬੂਤ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਉਦੇਸ਼ ਰਾਜਸਥਾਨ ਨੂੰ ਸੈਰ-ਸਪਾਟੇ ਵਿੱਚ ਨੰਬਰ ਇੱਕ ਸੂਬਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਮੋਦੀ ਨਹੀਂ, ਬਲਕਿ ਤੁਹਾਡੀ ਇੱਕ ਇੱਕ ਵੋਟ ਕਰ ਸਕਦੀ ਹੈ। ਤੁਹਾਡੀ ਵੋਟ ਦੀ ਤਾਕਤ ਨਾਲ ਭਾਜਪਾ ਦੀ ਸਰਕਾਰ ਬਣੇਗੀ ਅਤੇ ਰਾਜਸਥਾਨ ਸੈਰ-ਸਪਾਟੇ ਵਿੱਚ ਨੰਬਰ ਇੱਕ ਬਣੇਗਾ। ਮੋਦੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਵੀ ਚਲਾ ਰਹੀ ਹੈ, ਜਿਸ ਤਹਿਤ ਸਰਹੱਦੀ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਸ ਖੇਤਰ ਨੂੰ ਵੀ ਇਸ ਦਾ ਕਾਫੀ ਫਾਇਦਾ ਹੋਣ ਵਾਲਾ ਹੈ। ਅਸੀਂ ਰਾਜਸਥਾਨ ਦੇ ਹਰ ਕੋਨੇ ਤੱਕ ਵਿਕਾਸ ਪਹੁੰਚਾਵਾਂਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰੈਲੀ ਤੋਂ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਸਥਾਨ ਵਿੱਚ 5,000 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਪ੍ਰੋਗਰਾਮ ਵਿੱਚ ਗੈਰਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਪ੍ਰੋਗਰਾਮ ਸੀ, ਪਰ ਮੁੱਖ ਮੰਤਰੀ ਗਾਇਬ ਸਨ। ਮੁੱਖ ਮੰਤਰੀ ਇਸ ਲਈ ਗਾਇਬ ਸਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਮੋਦੀ ਆਉਣ ‘ਤੇ ਸਭ ਕੁਝ ਠੀਕ ਹੋ ਜਾਵੇਗਾ।
ਕੇਂਦਰ ਦੀਆਂ ਯੋਜਨਾਵਾਂ ਵਿੱਚ ਰਾਜਸਥਾਨ ਸਰਕਾਰ ਦੇ ਅਸਹਿਯੋਗ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ, “ਕੇਂਦਰ ਦੀ ਭਾਜਪਾ ਸਰਕਾਰ ਰਾਜਸਥਾਨ ਦੇ ਵਿਕਾਸ ਲਈ ਆਪਣੇ ਪਾਸਿਓਂ ਹਰ ਕੋਸ਼ਿਸ਼ ਕਰ ਰਹੀ ਹੈ। ਪਰ ਇੱਥੋਂ ਦੇ ਹਾਲਾਤ ਦੇਖ ਕੇ ਦੁੱਖ ਹੁੰਦਾ ਹੈ। ਪਿਛਲੇ 5 ਸਾਲਾਂ ‘ਚ ਕਾਂਗਰਸ ਨੇ ਰਾਜਸਥਾਨ ਨੂੰ ਭ੍ਰਿਸ਼ਟਾਚਾਰ ਅਤੇ ਦੰਗਿਆਂ ਦੇ ਮਾਮਲੇ ‘ਚ ਸਿਖਰ ‘ਤੇ ਪਹੁੰਚਾਇਆ ਹੈ। ਕਾਂਗਰਸ ਔਰਤਾਂ ਅਤੇ ਦਲਿਤਾਂ ‘ਤੇ ਅੱਤਿਆਚਾਰਾਂ ਦੇ ਮਾਮਲੇ ‘ਚ ਰਾਜਸਥਾਨ ਨੂੰ ਨੰਬਰ 1 ਬਣਾ ਚੁੱਕੀ ਹੈ। ਰਾਜਸਥਾਨ ਦਾ ਹਰ ਬੱਚਾ ਜਾਣਦਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਸ ਗਤੀ ਨਾਲ ਅਸੀਂ ਜਲ-ਜੀਵਨ ਮਿਸ਼ਨ ‘ਤੇ ਕੰਮ ਕਰਨਾ ਚਾਹੁੰਦੇ ਹਾਂ, ਉਸ ‘ਚ ਰਾਜਸਥਾਨ ਸਰਕਾਰ ਰੁਕਾਵਟਾਂ ਖੜ੍ਹੀਆਂ ਕਰਦੀ ਹੈ। ਭਾਰਤ ਦੀ ਆਵਾਜ਼ ਪੂਰੀ ਦੁਨੀਆ ਵਿਚ ਸੁਣਾਈ ਦੇ ਰਹੀ ਹੈ ਅਤੇ ਇਸ ਨਾਲ ਕਾਂਗਰਸ ਨੂੰ ਪਰੇਸ਼ਾਨੀ ਹੋ ਰਹੀ ਹੈ।
ਮੋਦੀ ਨੇ ਕਾਂਗਰਸ ਵਿਧਾਇਕ ਰਾਜਿੰਦਰ ਗੁੜਾ ਵੱਲੋਂ ਅੱਗੇ ਲਿਆਂਦੀ ਲਾਲ ਡਾਇਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਤੁਸੀਂ ਸਾਰਿਆਂ ਨੇ ਲਾਲ ਡਾਇਰੀ ਬਾਰੇ ਸੁਣਿਆ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਇਸ ਲਾਲ ਡਾਇਰੀ ਵਿੱਚ ਕਾਂਗਰਸ ਦਾ ਭ੍ਰਿਸ਼ਟਾਚਾਰ ਦਾ ਹਰ ਕਾਲਾ ਕਾਰਨਾਮਾ ਦਰਜ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਲਾਲ ਡਾਇਰੀ ਦਾ ਰਾਜ਼ ਸਾਹਮਣੇ ਆਵੇ ਤਾਂ ਤੁਹਾਡੇ ਲਈ ਇੱਥੇ ਭਾਜਪਾ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਜਨਤਾ ਦੇ ਹਿੱਤਾਂ ਨਾਲੋਂ ਆਪਣੇ ਵੋਟ ਬੈਂਕ ਨੂੰ ਜ਼ਿਆਦਾ ਪਿਆਰ ਕਰਦੀ ਹੈ। ਜੋਧਪੁਰ ਵਰਗੇ ਸ਼ਾਂਤਮਈ ਸ਼ਹਿਰਾਂ ‘ਚ ਦਿਨ-ਦਿਹਾੜੇ ਗੈਂਗ ਵਾਰ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਜਪਾ ਸੱਤਾ ‘ਚ ਆ ਕੇ ਦੰਗਿਆਂ ਨੂੰ ਰੋਕੇਗੀ ਅਤੇ ਵਿਕਾਸ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣਾਂ ਦੌਰਾਨ ਬੇਰੁਜ਼ਗਾਰੀ ਭੱਤੇ ਦਾ ਵਾਅਦਾ ਕਰਨ ਵਾਲੀ ਕਾਂਗਰਸ ਨੇ ਇੱਥੋਂ ਦੇ ਨੌਜਵਾਨਾਂ ਨੂੰ ਪੇਪਰ ਲੀਕ ਮਾਫੀਆ ਦੇ ਹਵਾਲੇ ਕਰ ਦਿੱਤਾ ਹੈ। ਭਾਜਪਾ ਸਰਕਾਰ ਅਜਿਹੇ ਹਰ ਪੇਪਰ ਲੀਕ ਮਾਫੀਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
