ਹੈਦਰਾਬਾਦ, 07 ਦਸੰਬਰ (ਹਿ.ਸ.)। ਕਾਂਗਰਸ ਨੇਤਾ ਰੇਵੰਤ ਰੈੱਡੀ ਨੇ ਵੀਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਡਾ. ਤਾਮਿਲਿਸਾਈ ਸੁੰਦਰਰਾਜਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਉਨ੍ਹਾਂ ਦੇ ਨਾਲ 11 ਮੰਤਰੀਆਂ ਨੇ ਵੀ ਸਹੁੰ ਚੁੱਕੀ, ਜਿਸ ਵਿੱਚ ਭੱਟੀ ਵਿਕ੍ਰਮਾਰਕ ਮੱਲੂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਰੇਵੰਤ ਰੈੱਡੀ 2014 ਵਿੱਚ ਤੇਲੰਗਾਨਾ ਰਾਜ ਦੇ ਗਠਨ ਤੋਂ ਬਾਅਦ ਰਾਜ ਦੇ ਦੂਜੇ ਅਤੇ ਕਾਂਗਰਸ ਦੇ ਪਹਿਲੇ ਮੁੱਖ ਮੰਤਰੀ ਹਨ।
ਹੈਦਰਾਬਾਦ ਦੇ ਐਲਬੀ ਸਟੇਡੀਅਮ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਦੌਰਾਨ 54 ਸਾਲਾ ਰੇਵੰਤ ਰੈੱਡੀ ਨੇ ਆਪਣੇ 11 ਹੋਰ ਸਹਿਯੋਗੀਆਂ ਦੇ ਨਾਲ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ਵਿਚ ਐੱਨ. ਉੱਤਮ ਕੁਮਾਰ ਰੈੱਡੀ, ਸੀ. ਦਾਮੋਦਰ ਰਾਜਨਰਸਿਮ੍ਹਾ, ਕੋਮਾਟੀਰੈੱਡੀ ਵੈਂਕਟ ਰੈੱਡੀ, ਸ਼੍ਰੀਧਰਬਾਬੂ, ਪੋਂਗੁਲੇਟੀ ਸ਼੍ਰੀਨਿਵਾਸ ਰੈੱਡੀ, ਪੋਨਮ ਪ੍ਰਭਾਕਰ, ਏ. ਸੀਥੱਕਾ, ਨਾਗੇਸ਼ਵਰ ਰਾਓ, ਜੁਪੱਲੀ ਕ੍ਰਿਸ਼ਨਾ ਰਾਓ ਅਤੇ ਕੋਂਡਾ ਸੁਰੇਖਾ ਸ਼ਾਮਲ ਹਨ।
ਸਹੁੰ ਚੁੱਕ ਸਮਾਗਮ ‘ਚ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ, ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਮੇਤ ਕਈ ਪ੍ਰਮੁੱਖ ਨੇਤਾ ਮੌਜੂਦ ਸਨ। ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਰੈੱਡੀ ਨੇ ਕਿਹਾ ਕਿ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਹੁਣ ਜਨਤਾ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ। ਉਹ ਹਰ ਰੋਜ਼ ਪ੍ਰਜਾ ਦਰਬਾਰ ਵਜੋਂ ਆਯੋਜਿਤ ਪ੍ਰੋਗਰਾਮ ਵਿੱਚ ਜਨਤਾ ਨਾਲ ਮੁਲਾਕਾਤ ਕਰਨਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
