
ਰੁੜਕੀ, 26 ਦਸੰਬਰ (ਹਿ. ਸ.)। ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੀ ਰੁੜਕੀ ਤਹਿਸੀਲ ਵਿੱਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਰੁੜਕੀ ਦੇ ਇੱਕ ਪਿੰਡ ਵਿੱਚ ਇੱਕ ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ 12 ਤੋਂ ਵੱਧ ਮਜ਼ਦੂਰ ਮਲਬੇ ਹੇਠ ਦੱਬ ਗਏ, ਜਿਨ੍ਹਾਂ ਵਿੱਚੋਂ ਹੁਣ ਤੱਕ ਛੇ ਦੀ ਮੌਤ ਹੋ ਚੁੱਕੀ ਹੈ। ਇਹ ਹਾਦਸਾ ਸਵੇਰੇ ਤੜਕੇ ਇੱਟਾਂ ਪਕਾਉਣ ਲਈ ਚਿਮਨੀ ਵਿੱਚ ਇੱਟਾਂ ਭਰਨ ਦੌਰਾਨ ਵਾਪਰਿਆ। ਜੇਸੀਬੀ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਜਾਰੀ ਹੈ।
ਅੱਜ ਸਵੇਰੇ ਹਰਿਦੁਆਰ ਜ਼ਿਲ੍ਹੇ ਅਧੀਨ ਪੈਂਦੇ ਰੁੜਕੀ ਤਹਿਸੀਲ ਦੇ ਮੰਗਲੌਰ ਕੋਤਵਾਲੀ ਦੇ ਪਿੰਡ ਲਹਬੋਲੀ ਵਿੱਚ ਸਥਿਤ ਸਾਨਵੀ ਇੱਟਾਂ ਦੇ ਭੱਠੇ ਦੀ ਕੰਧ ਅਚਾਨਕ ਡਿੱਗ ਗਈ। ਇਸ ਦੌਰਾਨ ਕਈ ਮਜ਼ਦੂਰ ਮਲਬੇ ਹੇਠ ਦੱਬ ਗਏ। ਮਲਬੇ ‘ਚੋਂ ਹੁਣ ਤੱਕ 5 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਜਦਕਿ ਇਕ ਮਜ਼ਦੂਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜ਼ਖ਼ਮੀਆਂ ਵਿੱਚੋਂ ਤਿੰਨ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਸਵੇਰੇ ਜਦੋਂ ਮਜ਼ਦੂਰ ਚਿਮਨੀ ਵਿੱਚ ਇੱਟਾਂ ਭਰਨ ਦਾ ਕੰਮ ਕਰ ਰਹੇ ਸਨ ਤਾਂ ਅਚਾਨਕ ਕੰਧ ਡਿੱਗ ਗਈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਕੰਧ ਕੋਲ ਖੜ੍ਹੇ ਮਜ਼ਦੂਰ ਮਲਬੇ ਹੇਠ ਦੱਬ ਗਏ। ਫਿਲਹਾਲ ਜੇਸੀਬੀ ਨਾਲ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਐੱਸ. ਐੱਸ. ਪੀ. ਪ੍ਰਮਿੰਦਰ ਡੋਬਲ ਸਮੇਤ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ।
ਮੰਗਲੌਰ ਕੋਤਵਾਲੀ ਦੇ ਇੰਚਾਰਜ ਪ੍ਰਦੀਪ ਬਿਸ਼ਟ ਨੇ ਦੱਸਿਆ ਕਿ ਹੁਣ ਤੱਕ ਪੰਜ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਜਦਕਿ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਤਿੰਨ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ‘ਚ ਜ਼ਖਮੀ ਹੋਏ ਮਜ਼ਦੂਰਾਂ ‘ਚੋਂ ਤਿੰਨ ਮਜ਼ਦੂਰ ਪਿੰਡ ਲਹਾਬੋਲੀ, ਇਕ ਮਜ਼ਦੂਰ ਮੁਜ਼ੱਫਰਨਗਰ ਅਤੇ ਹੋਰ ਸਥਾਨਕ ਪਿੰਡ ਦੇ ਵਸਨੀਕ ਹਨ। ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ, ਸਥਾਨਕ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਹਨ।
ਮ੍ਰਿਤਕਾਂ ਵਿੱਚ 26 ਸਾਲਾ ਮੁਕੁਲ ਪੁੱਤਰ ਸੁਭਾਸ਼ ਵਾਸੀ ਪਿੰਡ ਉਦਲਹੇੜੀ, ਹਰਿਦੁਆਰ, 20 ਸਾਲਾ ਸਾਬਿਰ ਪੁੱਤਰ ਮਹਿਬੂਬ ਪਿੰਡ ਮਿਮਲਾਨਾ ਜ਼ਿਲ੍ਹਾ ਮੁਜ਼ੱਫਰਨਗਰ, 40 ਸਾਲਾ ਅੰਕਿਤ ਪੁੱਤਰ ਧਰਮਪਾਲ ਪਿੰਡ ਉਦਲਹੇੜੀ, ਹਰਿਦੁਆਰ, 50 ਸਾਲਾ ਬਾਬੂਰਾਮ ਪੁੱਤਰ ਕਾਲੂਰਾਮ ਪਿੰਡ ਲਹਬੋਲੀ ਹਰਿਦੁਆਰ, ਜੱਗੀ ਪੁੱਤਰ ਬਿਸੰਬਰ ਵਾਸੀ ਪਿੰਡ ਪਿੰਨਾ ਜ਼ਿਲ੍ਹਾ ਮੁਜ਼ੱਫ਼ਰਨਗਰ, ਸਮੀਰ ਪੁੱਤਰ ਮਹਿਬੂਬ ਵਾਸੀ ਪਿੰਡ ਮਿਮਲਾਨਾ ਜ਼ਿਲ੍ਹਾ ਮੁਜ਼ੱਫ਼ਰਨਗਰ ਸ਼ਾਮਲ ਹਨ। ਜਦੋਂਕਿ ਰਵੀ ਪੁੱਤਰ ਰਾਜਕੁਮਾਰ ਵਾਸੀ ਬੜੌਦ ਜ਼ਿਲ੍ਹਾ ਬਾਗਪਤ ਅਤੇ ਇੰਤਜ਼ਾਰ ਪੁੱਤਰ ਲਤੀਫ਼ ਵਾਸੀ ਜ਼ਿਲ੍ਹਾ ਸਹਾਰਨਪੁਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
