ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 195 ਉਮੀਦਵਾਰਾਂ ਦੀ ਪਹਿਲੀ ਸੂਚੀ ਸ਼ਨੀਵਾਰ ਨੂੰ ਜਾਰੀ ਕੀਤੀ ਹੈ। ਇਸ ਸੂਚੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 34 ਕੇਂਦਰੀ ਅਤੇ ਰਾਜ ਮੰਤਰੀ, ਦੋ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਪ੍ਰਧਾਨ ਦਾ ਨਾਮ ਸ਼ਾਮਲ ਹੈ।
ਭਾਜਪਾ ਮੁੱਖ ਦਫ਼ਤਰ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ’ਚ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ ਕੇਂਦਰੀ ਚੋਣ ਕਮੇਟੀ ਨੇ 16 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ 195 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਮਾਂ ਨੂੰ ਤੈਅ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਵੀ ਵਾਰਾਣਸੀ ਤੋਂ ਚੋਣ ਲੜਨਗੇ।
ਪਹਿਲੀ ਸੂਚੀ ਵਿੱਚ ਸਮਾਜ ਦੇ ਸਾਰੇ ਵਰਗ ਅਤੇ ਜਾਤਾਂ ਨੂੰ ਸ਼ਾਮਲ ਹਨ। ਇਸ ਵਿੱਚ ਦੋ ਸਾਬਕਾ ਮੁੱਖ ਮੰਤਰੀਆਂ ਸਮੇਤ 34 ਕੇਂਦਰੀ ਮੰਤਰੀ ਅਤੇ ਰਾਜ ਮੰਤਰੀ, 28 ਔਰਤਾਂ, 50 ਤੋਂ ਘੱਟ ਉਮਰ ਦੇ 47 ਉਮੀਦਵਾਰ, 18 ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਅਤੇ ਪੱਛੜੀਆਂ ਸ਼੍ਰੇਣੀਆਂ ਦੇ 57 ਉਮੀਦਵਾਰ ਸ਼ਾਮਲ ਹਨ।
ਤਾਵੜੇ ਨੇ ਦੱਸਿਆ ਕਿ ਪਹਿਲੀ ਸੂਚੀ ’ਚ ਉੱਤਰ ਪ੍ਰਦੇਸ਼ ਤੋਂ 51, ਪੱਛਮੀ ਬੰਗਾਲ ਤੋਂ 20, ਮੱਧ ਪ੍ਰਦੇਸ਼ ਤੋਂ 24, ਗੁਜਰਾਤ-15, ਰਾਜਸਥਾਨ-15, ਕੇਰਲ-12, ਤੇਲੰਗਾਨਾ-09, ਅਸਾਮ-11, ਝਾਰਖੰਡ-11, ਛੱਤੀਸਗੜ੍ਹ- 11, ਦਿੱਲੀ-5, ਜੰਮੂ-2, ਉੱਤਰਾਖੰਡ-3, ਅਰੁਣਾਚਲ ਪ੍ਰਦੇਸ਼-2, ਗੋਆ-01, ਤ੍ਰਿਪੁਰਾ-01, ਅੰਡੇਮਾਨ ਅਤੇ ਨਿਕੋਬਾਰ-01 ਸੀਟ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।
ਦਿੱਲੀ ਦੀਆਂ 7 ਲੋਕ ਸਭਾ ਸੀਟਾਂ ’ਚੋਂ ਪੰਜ ਲਈ ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿੱਚ ਚਾਂਦਨੀ ਚੌਕ ਤੋਂ ਪ੍ਰਵੀਨ ਖੰਡੇਲਵਾਲ, ਉਤਰ-ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ, ਨਵੀਂ ਦਿੱਲੀ ਤੋਂ ਬੰਸੂਰੀ ਸਵਰਾਜ, ਪੱਛਮੀ ਦਿੱਲੀ ਤੋਂ ਕਮਲਜੀਤ ਸਹਿਰਾਵਤ ਤੇ ਦੱਖਣੀ ਦਿੱਲੀ ਤੋਂ ਰਾਮਬੀਰ ਸਿੰਘ ਬਿਧੂੜੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
