ਜੈਪੁਰ, 21 ਮਾਰਚ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਸ਼ਵਕਰਮਾ ਥਾਣਾ ਖੇਤਰ ਦੇ ਜੈਸਲਿਆ ਪਿੰਡ ਵਿੱਚ ਬੁੱਧਵਾਰ ਦੇਰ ਰਾਤ ਇੱਕ ਘਰ ਵਿੱਚ ਅੱਗ ਲੱਗ ਗਈ। ਅੱਗ ਦੀ ਲਪੇਟ ‘ਚ ਆ ਕੇ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਅਤੇ ਮਾਤਾ-ਪਿਤਾ ਸ਼ਾਮਲ ਹਨ। ਇਹ ਲੋਕ ਬਿਹਾਰ ਦੇ ਮਧੂਬਨੀ ਦੇ ਰਹਿਣ ਵਾਲੇ ਸਨ। ਇਹ ਪਰਿਵਾਰ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਪੁਲਿਸ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲਿਸ ਨੇ ਲਾਸ਼ਾਂ ਨੂੰ ਸਵਾਈ ਮਾਨਸਿੰਘ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਅਨੁਸਾਰ ਇਹ ਹਾਦਸਾ ਵਿਸ਼ਵਕਰਮਾ ਥਾਣੇ ਅਧੀਨ ਪੈਂਦੇ ਪਿੰਡ ਜੈਸਲਿਆ ਵਿੱਚ ਵਾਪਰਿਆ। ਐਫਐਸਐਲ ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ‘ਐਕਸ’ ‘ਤੇ ਲਿਖਿਆ – ਜੈਪੁਰ ਦੇ ਵਿਸ਼ਵਕਰਮਾ ਵਿਖੇ ਭਿਆਨਕ ਅੱਗ ਕਾਰਨ ਪੰਜ ਨਾਗਰਿਕਾਂ ਦੀ ਬੇਵਕਤੀ ਮੌਤ ਦੀ ਖ਼ਬਰ ਦਿਲ ਨੂੰ ਝੰਜੋੜਨ ਵਾਲੀ ਹੈ। ਪਰਮਪਿਤਾ ਪ੍ਰਮਾਤਮਾ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਭਾਣਾ ਸਹਿਣ ਕਰਨ ਦਾ ਬਲ ਬਖਸ਼ਣ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।”
