ਹਲਦਵਾਨੀ, 25 ਸਤੰਬਰ (ਹਿ. ਸ.)। ਹਲਦਵਾਨੀ ’ਚ ਨੈਨੀਤਾਲ ਮਿਲਕ ਯੂਨੀਅਨ ਦੇ ਲਾਲਕੁਆਂ ਪਲਾਂਟ ’ਚ ਸੋਮਵਾਰ ਨੂੰ ਅਮੋਨੀਆ ਗੈਸ ਲੀਕ ਹੋਣ ਕਾਰਨ ਉੱਥੇ ਕੰਮ ਕਰ ਰਹੇ ਕਈ ਕਰਮਚਾਰੀ ਜ਼ਖਮੀ ਹੋ ਗਏ। ਇਸ ਨਾਲ ਪਲਾਂਟ ’ਚ ਹਫੜਾ-ਦਫੜੀ ਮਚ ਗਈ ਅਤੇ ਜ਼ਖਮੀ ਕਰਮਚਾਰੀਆਂ ਨੂੰ ਤੁਰੰਤ ਹਲਦਵਾਨੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਕੁਝ ਗੰਭੀਰ ਮੁਲਾਜ਼ਮਾਂ ਨੂੰ ਹਲਦਵਾਨੀ ਦੇ ਸੋਬਨ ਸਿੰਘ ਜੀਨਾ ਬੇਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ’ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਘਟਨਾ ਅੱਜ ਸਵੇਰੇ ਵਾਪਰੀ ਦੱਸੀ ਜਾ ਰਹੀ, ਜਦੋਂ ਮਿਲਕ ਯੂਨੀਅਨ ਪਲਾਂਟ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ 8 ਦੇ ਕਰੀਬ ਮੁਲਾਜ਼ਮ ਪ੍ਰਭਾਵਿਤ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਈ ਪੀੜਤ ਕਰਮਚਾਰੀ ਹਲਦਵਾਨੀ ਦੇ ਨਿੱਜੀ ਹਸਪਤਾਲ ਵਿੱਚ ਵੀ ਦਾਖਲ ਹਨ, ਜਿੱਥੇ ਸਾਰਿਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਫਿਲਹਾਲ ਪਲਾਂਟ ਬੰਦ ਕਰ ਦਿੱਤਾ ਗਿਆ ਹੈ।
ਇਸ ਬਾਰੇ ਐਸਡੀਐਮ ਪਰਿਤੋਸ਼ ਵਰਮਾ ਦਾ ਕਹਿਣਾ ਹੈ ਕਿ ਅਮੋਨੀਆ ਗੈਸ ਦੇ ਲੀਕ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਖੁਦ ਬੇਸ ਹਸਪਤਾਲ ਜਾ ਕੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਨੇ ਡਾਕਟਰਾਂ ਨੂੰ ਜ਼ਖਮੀਆਂ ਦਾ ਬਿਹਤਰ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਐਸਡੀਐਮ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਬੇਸ ਹਸਪਤਾਲ ਦੀ ਸੀਐਮਐਸ ਸਵਿਤਾ ਹਯਾਂਕੀ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਸਾਰੇ ਕਰਮਚਾਰੀ ਬਿਲਕੁਲ ਠੀਕ ਹਨ। ਸਥਿਤੀ ਕਾਬੂ ਹੇਠ ਹੈ ਅਤੇ ਕੁਝ ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
