ਚੰਡੀਗੜ੍ਹ, 10 ਜਨਵਰੀ (ਹਿ. ਸ.)। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਪੰਜਾਬ ਦੇ ਵਿਕਾਸ ਵਿੱਚ ਭਾਈਵਾਲ ਬਣਨ। ਪੰਜਾਬ ਦੇ ਕਿਸਾਨ ਸਿਰਫ਼ ਅੰਨਦਾਤਾ ਹੀ ਨਹੀਂ ਹਨ, ਉਹ ਊਰਜਾ ਦਾਤਾ ਵੀ ਹਨ। ਪੰਜਾਬ ਦੀ ਪਰਾਲੀ ਤੋਂ ਬਾਇਓ ਫਿਊਲ ਤਿਆਰ ਕੀਤਾ ਜਾਵੇਗਾ। ਕੇਂਦਰ ਸਰਕਾਰ ਇਸ ਲਈ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ।
ਗਡਕਰੀ ਬੁੱਧਵਾਰ ਨੂੰ ਕਈ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ ਪੰਜਾਬ ਦੇ ਹੁਸ਼ਿਆਰਪੁਰ ਪਹੁੰਚੇ ਸਨ। ਉਨ੍ਹਾਂ ਨੇ 4 ਹਜ਼ਾਰ ਕਰੋੜ ਰੁਪਏ ਦੇ 29 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ 12 ਹਜ਼ਾਰ ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਬਠਿੰਡਾ ਤੱਕ ਗਰੀਨਫੀਲਡ ਹਾਈਵੇਅ ਬਣਾਇਆ ਜਾਵੇਗਾ। ਇਹ 75 ਕਿਲੋਮੀਟਰ ਲੰਬਾ ਹੋਵੇਗਾ। ਇਸ ‘ਤੇ 2 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਬਾਅਦ ਲੁਧਿਆਣਾ ਤੋਂ ਬਠਿੰਡਾ ਦੀ ਦੂਰੀ 45 ਮਿੰਟਾਂ ਵਿੱਚ ਤੈਅ ਕੀਤੀ ਜਾਵੇਗੀ। ਇਸ ਨੂੰ ਦਸੰਬਰ 2025 ਤੱਕ ਬਣਾਇਆ ਜਾਵੇਗਾ। ਜਿਸ ਨਾਲ ਹਲਵਾਰਾ ਏਅਰਪੋਰਟ ਨਾਲ ਵੀ ਕਨੈਕਟੀਵਿਟੀ ਹੋਵੇਗੀ। ਜਿੱਥੇ ਅੱਜ ਕੇਂਦਰੀ ਮੰਤਰੀ ਨੇ ਪੰਜਾਬ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਪ੍ਰਾਜੈਕਟ ਦਿੱਤੇ ਹਨ, ਉਥੇ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਹੋਰ ਨੁਮਾਇੰਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਇਆ।
ਇਸ ਮੌਕੇ ‘ਤੇ ਬੋਲਦਿਆਂ ਨਿਤਿਨ ਗਡਕਰੀ ਨੇ ਕਿਹਾ ਕਿ 2014 ‘ਚ ਨਰਿੰਦਰ ਮੋਦੀ ਦੀ ਸਰਕਾਰ ਆਈ ਅਤੇ ਉਦੋਂ ਤੋਂ ਹੀ ਸਾਰਾ ਧਿਆਨ ਸੜਕੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਲੱਗਾ ਹੋਇਆ ਹੈ। ਜੇਕਰ ਅਸੀਂ ਸੂਬੇ ਅਤੇ ਦੇਸ਼ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵਧੀਆ ਬੁਨਿਆਦੀ ਢਾਂਚਾ ਬਣਾਉਣਾ ਹੋਵੇਗਾ। ਜੇਕਰ ਬੁਨਿਆਦੀ ਢਾਂਚਾ ਚੰਗਾ ਹੋਵੇਗਾ ਤਾਂ ਉਦਯੋਗ ਆਉਣਗੇ। ਉਦਯੋਗ ਆਉਣਗੇ ਤਾਂ ਚੰਗਾ ਰੁਜ਼ਗਾਰ ਮਿਲੇਗਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਰਮਦਾਸ ਤੱਕ 4 ਮਾਰਗੀ ਹਾਈਵੇਅ ਦਾ ਕੰਮ 2024 ਵਿੱਚ ਮੁਕੰਮਲ ਹੋ ਜਾਵੇਗਾ। ਇਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਣ ਵਾਲਾ ਰਸਤਾ ਆਸਾਨ ਹੋ ਜਾਵੇਗਾ। ਲੁਧਿਆਣਾ ਦੇ ਸਮਰਾਲਾ ਚੌਕ ਤੱਕ 13 ਕਿਲੋਮੀਟਰ ਸੜਕ ਦਾ ਕੰਮ ਜਨਵਰੀ 2024 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
