ਬੀਜਿੰਗ, 17 ਅਕਤੂਬਰ (ਹਿ. ਸ.)। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਅਚਾਨਕ ਚੀਨ ਪਹੁੰਚ ਗਏ। ਚੀਨ ਦੀ ਰਾਜਧਾਨੀ ਬੀਜਿੰਗ ਦੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਦੌਰੇ ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਪੁਤਿਨ ਦੇ ਬੀਜਿੰਗ ਪਹੁੰਚਣ ਦਾ ਇੱਕ ਤਸਵੀਰੀ ਵੇਰਵਾ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਅਤੇ ਹੋਰ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਵਿੱਚ ਦਿੱਤਾ ਗਿਆ ਹੈ।
ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਬੈਠਕ ‘ਚ ਇਜ਼ਰਾਈਲ ਅਤੇ ਹਮਾਸ ਸੰਘਰਸ਼ ਤੋਂ ਇਲਾਵਾ ਹੋਰ ਆਲਮੀ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਦਰਅਸਲ, ਚੀਨ ਇਸ ਹਫਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਫੋਰਮ ਲਈ 130 ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰ ਰਿਹਾ ਹੈ। ਉਸਨੂੰ ਉਮੀਦ ਹੈ ਕਿ ਇਸ ਨਾਲ ਕੌਮਾਂਤਰੀ ਮੰਚ ‘ਤੇ ਉਸ ਦੀ ਸਥਿਤੀ ਮਜ਼ਬੂਤ ਹੋਵੇਗੀ।
ਮੀਡੀਆ ਰਿਪੋਰਟਾਂ ਮੁਤਾਬਕ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ‘ਤੇ ਬੀਜਿੰਗ ਪਹੁੰਚੇ ਹਨ। ਇਸ ਤੋਂ ਪਹਿਲਾਂ ਪੁਤਿਨ ਨੇ ਪਿਛਲੇ ਸਾਲ ਮਾਰਚ ‘ਚ ਚੀਨ ਦਾ ਦੌਰਾ ਕੀਤਾ ਸੀ। ਹੇਗ ਦੀ ਅਦਾਲਤ ਵੱਲੋਂ ਜਾਰੀ ਵਾਰੰਟ ਕਾਰਨ ਪੁਤਿਨ ਨੇ ਉਦੋਂ ਤੋਂ ਕੌਮਾਂਤਰੀ ਸਰਹੱਦਾਂ ਪਾਰ ਨਹੀਂ ਕੀਤੀਆਂ ਹਨ। ਪਰ ਜੰਗ-ਗ੍ਰਸਤ ਯੂਕ੍ਰੇਨ ਦਾ ਦੌਰਾ ਜ਼ਰੂਰ ਕੀਤਾ ਹੈ। ਵਾਰੰਟ ਜਾਰੀ ਹੋਣ ਤੋਂ ਬਾਅਦ ਪੁਤਿਨ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਵਾਰੰਟ ਕਾਰਨ ਪੁਤਿਨ ਅਗਸਤ ਵਿੱਚ ਦੱਖਣੀ ਅਫਰੀਕਾ ਵਿੱਚ ਹੋਏ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਏ ਸਨ। ਉਨ੍ਹਾਂ ਨੇ ਸਤੰਬਰ ਵਿੱਚ ਦਿੱਲੀ ਵਿੱਚ ਹੋਏ ਜੀ-20 ਸੰਮੇਲਨ ਤੋਂ ਵੀ ਦੂਰੀ ਬਣਾ ਲਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
