ਇਸਲਾਮਾਬਾਦ, 21 ਅਕਤੂਬਰ (ਹਿ.ਸ.)। ਗਲੋਬਲ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਦਾ ਕਰੀਬੀ ਦਾਊਦ ਮਲਿਕ ਵੀ ਆਖਰਕਾਰ ਮਾਰਿਆ ਗਿਆ। ‘ਜੈਸ਼-ਏ-ਮੁਹੰਮਦ’ ਤੋਂ ਇਲਾਵਾ ਉਹ ਲਸ਼ਕਰ-ਏ-ਜੱਬਰ ਅਤੇ ਲਸ਼ਕਰ-ਏ-ਜੰਗਵੀ ਨਾਲ ਵੀ ਜੁੜਿਆ ਹੋਇਆ ਸੀ। ਪਾਕਿਸਤਾਨੀ ਪੁਲਿਸ ਨੇ ਮੰਨਿਆ ਹੈ ਕਿ ਦਾਊਦ ਮਲਿਕ ਸ਼ੁੱਕਰਵਾਰ ਸਵੇਰੇ ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹੇ ਦੇ ਮਿਰਾਲੀ ਖੇਤਰ ਵਿੱਚ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਦੁਆਰਾ ਨਿਸ਼ਾਨਾ ਬਣਾਏ ਗਏ ਹਮਲੇ ਵਿੱਚ ਮਾਰਿਆ ਗਿਆ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਪੁਲਿਸ ਨੇ ਕਿਹਾ ਕਿ ਦਾਊਦ ਮਲਿਕ ਨੂੰ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨੇ ਇੱਕ ਨਿੱਜੀ ਕਲੀਨਿਕ ’ਚ ਨਿਸ਼ਾਨਾ ਬਣਾਇਆ ਸੀ, ਜੋ ਉਸਨੂੰ ਮਾਰਨ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਹੋ ਗੲਏ। ਜ਼ਿਕਰਯੋਗ ਹੈ ਕਿ ਮਸੂਦ ਅਜ਼ਹਰ, ਹਾਫਿਜ਼ ਸਈਦ, ਲਖਵੀ ਅਤੇ ਦਾਊਦ ਇਬ੍ਰਾਹਿਮ ਆਦਿ ਭਾਰਤ ਨੂੰ ਲੰਬੇ ਸਮੇਂ ਤੋਂ ਲੋੜੀਂਦੇ ਹਨ। ਭਾਰਤ ਸਰਕਾਰ ਨੇ ਇਨ੍ਹਾਂ ਸਾਰਿਆਂ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ। ਇਨ੍ਹਾਂ ਲੋੜੀਂਦੇ ਅੱਤਵਾਦੀਆਂ ਵਿੱਚੋਂ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਸ਼ਾਹਿਦ ਲਤੀਫ਼ ਪਹਿਲਾਂ ਹੀ ਪਾਕਿਸਤਾਨ ਵਿੱਚ ਮਾਰਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਆਈਐੱਸਆਈ ਦਾ ਏਜੰਟ ਮੁੱਲਾ ਬਹੌਰ ਉਰਫ਼ ਹੋਰਮੁਜ਼ ਵੀ ਮਾਰਿਆ ਗਿਆ ਹੈ।
ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਾਊਦ ਮਲਿਕ ਭਾਰਤ ਦੇ ਬਾਲਾਕੋਟ ਹਵਾਈ ਹਮਲੇ ਵਿਚ ਬਚ ਗਿਆ ਸੀ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਬਾਲਾਕੋਟ ‘ਤੇ ਹਵਾਈ ਹਮਲਾ ਕੀਤਾ ਸੀ। ਉਸ ਸਮੇਂ ਉੱਥੇ ਦਾਊਦ ਮਲਿਕ ਮੌਜੂਦਗੀ ਦੱਸੀ ਜਾਂਦੀ ਹੈ। ਮਲਿਕ ਆਈਐਸਆਈ ਦੀ ਸੁਰੱਖਿਆ ਹੇਠ ਰਹਿੰਦਾ ਸੀ।
ਆਈਐਸਆਈ ਏਜੰਟ ਮੁੱਲਾ ਬਹੌਰ ਉਰਫ ਹੋਰਮੁਜ਼ ਨੂੰ ਬਲੋਚਿਸਤਾਨ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਬਾਹੌਰ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਹੀ ਭਾਰਤੀ ਕੁਲਭੂਸ਼ਣ ਜਾਧਵ ਨੂੰ ਈਰਾਨ ਤੋਂ ਅਗਵਾ ਕਰਕੇ ਆਈਐਸਆਈ ਦੇ ਹਵਾਲੇ ਕੀਤਾ ਸੀ। ਜਾਧਵ ਨੂੰ ਪਾਕਿਸਤਾਨ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਇਸ ਦੇ ਖਿਲਾਫ ਹੇਗ ਸਥਿਤ ਅੰਤਰਰਾਸ਼ਟਰੀ ਅਦਾਲਤ ਤੱਕ ਪਹੁੰਚ ਕੀਤੀ ਸੀ। ਉਥੋਂ ਕੁਲਭੂਸ਼ਣ ਦੀ ਮੌਤ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫ਼ਿਜ਼ ਸਈਦ ਦੇ ਕਰੀਬੀ ਅਬੂ ਕਾਸਿਮ ਨੂੰ ਵੀ ਰਾਵਲਕੋਟ ਵਿੱਚ ਗੋਲੀ ਮਾਰ ਕੇ ਉਡਾ ਦਿੱਤਾ ਗਿਆ ਸੀ। ਖਾਲਿਸਤਾਨ ਕਮਾਂਡੋ ਫੋਰਸ ਦੇ ਖੌਫਨਾਕ ਅੱਤਵਾਦੀ ਅਤੇ ਭਾਰਤ ਦੇ ਮੋਸਟ ਵਾਂਟੇਡ ਪਰਮਜੀਤ ਸਿੰਘ ਪੰਜਵੜ ਦੀ ਵੀ ਪਾਕਿਸਤਾਨ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਜਾ ਚੁੱਕੀ ਹੈ। ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਬਸ਼ੀਰ ਮੀਰ ਉਰਫ਼ ਇਮਤਿਆਜ਼ ਆਲਮ ਅਤੇ ਜੈਸ਼ ਦਾ ਖ਼ਤਰਨਾਕ ਅੱਤਵਾਦੀ ਜ਼ਹੂਰ ਮਿਸਤਰੀ ਵੀ ਪਾਕਿਸਤਾਨ ਵਿੱਚ ਮਾਰੇ ਜਾ ਚੁੱਕੇ ਹਨ। ਜ਼ਹੂਰ ਮਿਸਤਰੀ ਕੰਧਾਰ ਜਹਾਜ਼ ਅਗਵਾ ਕਾਂਡ ਵਿਚ ਸ਼ਾਮਲ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
