ਢਾਕਾ, 17 ਦਸੰਬਰ (ਹਿ.ਸ.)। ਬੰਗਲਾਦੇਸ਼ ‘ਚ 7 ਜਨਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ‘ਚ ਹਿੰਸਾ ਦੇ ਡਰ ਦੇ ਮੱਦੇਨਜ਼ਰ ਗੈਰ-ਕਾਨੂੰਨੀ ਹਥਿਆਰਾਂ ਦੀ ਬਰਾਮਦਗੀ ਲਈ ਸ਼ੁਰੂ ਕੀਤੀ ਗਈ ਰੈਪਿਡ ਐਕਸ਼ਨ ਬਟਾਲੀਅਨ (ਆਰ.ਏ.ਬੀ.) ਦੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ। ਆਰਏਬੀ ਨੇ ਕਾਕਸ ਬਾਜ਼ਾਰ ਦੇ ਰਾਮੂ ਉਪਜ਼ਿਲੇ ਦੇ ਅਧੀਨ ਈਦਗੜ੍ਹ ਦੇ ਤੁਲਾਟਾਲੀ ਖੇਤਰ ਵਿੱਚ ਇੱਕ ਪਹਾੜੀ ਦੇ ਅੰਦਰ ਇੱਕ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਤਾ ਲਗਾਇਆ। ਇੱਥੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹਥਿਆਰ ਬਣਾਉਣ ਵਿੱਚ ਵਰਤੀ ਜਾਂਦੀ ਸਮੱਗਰੀ ਜ਼ਬਤ ਕੀਤੀ ਗਈ।
ਬੰਗਲਾਦੇਸ਼ ਦੇ ਪ੍ਰਮੁੱਖ ਅਖਬਾਰ ਢਾਕਾ ਟ੍ਰਿਬਿਊਨ ਮੁਤਾਬਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਦੇਸ਼ ਵਿਆਪੀ ਮੁਹਿੰਮ ਚਲਾਈ ਹੈ। ਇਹ 23 ਦਿਨਾਂ ਮੁਹਿੰਮ 24 ਦਸੰਬਰ ਨੂੰ ਮੁਕੰਮਲ ਹੋਵੇਗੀ। ਆਰਏਬੀ ਨੂੰ ਇਹ ਸਫਲਤਾ ਕੰਬਿੰਗ ਆਪਰੇਸ਼ਨ ਦੌਰਾਨ ਮਿਲੀ। ਇਹ ਗਿਰੋਹ ਦੇਸ਼ ਭਰ ਵਿੱਚ ਹਥਿਆਰਾਂ ਦੀ ਸਪਲਾਈ ਕਰਦਾ ਹੈ। ਫੈਕਟਰੀ ਤੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਸਾਹਬੂਦੀਨ (40), ਲਾਲ ਮੀਆਂ (58), ਮੈਨੂਦੀਨ (43) ਅਤੇ ਜ਼ਫ਼ਰ ਆਲਮ (41) ਸ਼ਾਮਲ ਹਨ। ਫੈਕਟਰੀ ਦਾ ਮਾਲਕ ਅਤੇ ਮੁੱਖ ਹਥਿਆਰ ਮਕੈਨਿਕ ਮਨੀਉਲ ਹੱਕ ਰੂਪੋਸ਼ ਹੋ ਗਿਆ ਹੈ।
ਅਖਬਾਰ ਦੇ ਅਨੁਸਾਰ, ਬੰਗਲਾਦੇਸ਼ ਪੁਲਿਸ ਨੇ 9 ਦਸੰਬਰ ਨੂੰ ਸੂਚੀਬੱਧ ਹਥਿਆਰਾਂ ਦੇ ਮਕੈਨਿਕਾਂ ਅਤੇ ਵਪਾਰੀਆਂ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਬਦਮਾਸ਼ਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਇਸ ਸਾਲ ਜਨਵਰੀ ਤੋਂ ਨਵੰਬਰ ਦਰਮਿਆਨ ਦੇਸ਼ ਵਿਆਪੀ ਮੁਹਿੰਮ ਦੌਰਾਨ 642 ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ ਅਤੇ 311 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
