ਢਾਕਾ, 24 ਨਵੰਬਰ (ਹਿ.ਸ.)। ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੇ ਅਗਲੇ ਸਾਲ 7 ਜਨਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਸਿਆਸੀ ਹਿੰਸਾ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਕਮਿਸ਼ਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦੇਸ਼ ਭਰ ਵਿੱਚ ਬਾਰਡਰ ਗਾਰਡ ਬੰਗਲਾਦੇਸ਼ ਦੀਆਂ 233 ਪਲਟਨਾਂ ਨੂੰ ਤਾਇਨਾਤ ਕੀਤਾ ਹੈ। ਜ਼ਮੀਨੀ ਸਥਿਤੀ ਦੇ ਹਿਸਾਬ ਨਾਲ ਇਹ ਗਿਣਤੀ ਵਧ ਸਕਦੀ ਹੈ।
ਬੰਗਲਾਦੇਸ਼ ਦੇ ਪ੍ਰਮੁੱਖ ਅਖਬਾਰ ਢਾਕਾ ਟ੍ਰਿਬਿਊਨ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਕਮਿਸ਼ਨ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਦੋ ਖੁਫੀਆ ਇਕਾਈਆਂ ਦੇ ਮੁਖੀਆਂ ਨਾਲ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਹੈ। ਇਨ੍ਹਾਂ ਪਲਟਨਾਂ ਨੂੰ ਵੀਰਵਾਰ ਰਾਤ ਤੱਕ ਦੇਸ਼ ਭਰ ਵਿੱਚ ਤਾਇਨਾਤ ਕਰ ਦਿੱਤਾ ਗਿਆ ।
ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀ ਨਵੀਂ ਯੋਜਨਾ ਅਨੁਸਾਰ ਹੁਣ ਢਾਕਾ ਅਤੇ ਚਟਗਾਂਵ ਸ਼ਹਿਰਾਂ ਲਈ ਡਿਵੀਜ਼ਨਲ ਕਮਿਸ਼ਨਰ ਅਤੇ 64 ਡਿਪਟੀ ਕਮਿਸ਼ਨਰ ਰਿਟਰਨਿੰਗ ਅਫ਼ਸਰ ਵਜੋਂ ਕੰਮ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ ਸਹਾਇਕ ਵਜੋਂ ਕੰਮ ਕਰਨਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
