ਵਾਸ਼ਿੰਗਟਨ, 11 ਨਵੰਬਰ (ਹਿ.ਸ.)। ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ 15 ਨਵੰਬਰ ਨੂੰ ਮੁਲਾਕਾਤ ਹੋਵੇਗੀ। ਵ੍ਹਾਈਟ ਹਾਊਸ ਨੇ ਇੱਥੇ ਇਹ ਐਲਾਨ ਕੀਤਾ ਹੈ।
ਵ੍ਹਾਈਟ ਹਾਊਸ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਿਡੇਨ ਬੁੱਧਵਾਰ (15 ਨਵੰਬਰ) ਨੂੰ ਇਕ ਸਾਲ ਵਿਚ ਪਹਿਲੀ ਵਾਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਹਮੋ-ਸਾਹਮਣੇ ਹੋਣਗੇ। ਇਸ ਮੁਲਾਕਾਤ ਨੂੰ ਵਿਸ਼ਵ ਦੀਆਂ ਦੋ ਮਹਾਂਸ਼ਕਤੀਆਂ ਵਿਚਾਲੇ ਤਣਾਅ ਨੂੰ ਘੱਟ ਕਰਨ ਦੇ ਉਦੇਸ਼ ਨਾਲ ਉੱਚ ਪੱਧਰੀ ਕੂਟਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਦੋਵਾਂ ਵਿਚਾਲੇ ਇਹ ਮੁਲਾਕਾਤ ਸਾਨ ਫਰਾਂਸਿਸਕੋ ਖਾੜੀ ਖੇਤਰ ‘ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੀਈਸੀ) ਸੰਮੇਲਨ ‘ਚ ਹੋਣੀ ਹੈ। ਇਸ ਬੈਠਕ ‘ਚ ਬੀਜਿੰਗ ਅਤੇ ਵਾਸ਼ਿੰਗਟਨ ਦੇ ਅਧਿਕਾਰੀਆਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 13 ਨਵੰਬਰ ਨੂੰ ਇੰਡੋਨੇਸ਼ੀਆ ਦੇ ਬਾਲੀ ‘ਚ ਜੀ-20 ਸੰਮੇਲਨ ਤੋਂ ਪਹਿਲਾਂ ਬਿਡੇਨ ਅਤੇ ਜਿਨਪਿੰਗ ਦੀ ਮੁਲਾਕਾਤ ਹੋਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
