
ਇਸਲਾਮਾਬਾਦ, 03 ਦਸੰਬਰ (ਹਿ.ਸ.)। ਪਾਕਿਸਤਾਨ ਦੇ ਗਿਲਗਿਤ ਬਾਲਟਿਸਤਾਨ ਖੇਤਰ ‘ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਇਕ ਯਾਤਰੀ ਬੱਸ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ 9 ਲੋਕਾਂ ਦੀ ਹੱਤਿਆ ਕਰ ਦਿੱਤੀ। ਇਸ ਹਮਲੇ ‘ਚ 26 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਮੁਤਾਬਕ ਗਿਲਗਿਤ ਤੋਂ ਰਾਵਲਪਿੰਡੀ ਜਾ ਰਹੀ ਬੱਸ ‘ਤੇ ਸ਼ਾਮ ਸਾਢੇ ਛੇ ਵਜੇ ਚਿਲਾਸ ਨੇੜੇ ਹਮਲਾ ਕੀਤਾ ਗਿਆ।
ਡਾਨ ਮੁਤਾਬਕ ਹਮਲੇ ਤੋਂ ਬਾਅਦ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਚਿਲਾਸ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਆਰਿਫ ਅਹਿਮਦ ਦਾ ਹਵਾਲਾ ਦਿੰਦੇ ਹੋਏ ਅਖਬਾਰ ਨੇ ਕਿਹਾ ਕਿ ਮ੍ਰਿਤਕਾਂ ‘ਚੋਂ ਪੰਜ ਦੀ ਪਛਾਣ ਕਰ ਲਈ ਗਈ ਹੈ। ਮਰਨ ਵਾਲਿਆਂ ਵਿੱਚ ਦੋ ਸੈਨਿਕ ਵੀ ਸ਼ਾਮਲ ਹਨ। ਜ਼ਖ਼ਮੀਆਂ ਵਿੱਚ ਵਿਸ਼ੇਸ਼ ਸੁਰੱਖਿਆ ਯੂਨਿਟ ਦਾ ਇੱਕ ਸਿਪਾਹੀ ਵੀ ਸ਼ਾਮਲ ਹੈ। ਜ਼ਖਮੀਆਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
